ਨਵਜੰੰਮੀ ਵੇਚਣ ਦੇ ਦੋਸ਼ ’ਚ ਮਾਂ ਤੇ ਡਾਕਟਰ ਸਣੇ ਪੰਜ ਗ੍ਰਿਫਤਾਰ

0
5

ਲੁਧਿਆਣਾ : ਇਥੇ ਪੁਲਸ ਨੇ ਨਵਜੰਮੀ ਬੱਚੀ ਨੂੰ 2.10 ਲੱਖ ਰੁਪਏ ਵਿੱਚ ਵੇਚਣ ਦੇ ਦੋਸ਼ ਹੇਠ ਬੱਚੀ ਦੀ ਮਾਂ ਅਤੇ ਇੱਕ ਬੀ ਏ ਐੱਮ ਐੱਸ ਡਾਕਟਰ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ|
ਰਾਹਗੀਰਾਂ ਨੇ ਨੀਲਾ ਝੰਡਾ ਰੋਡ ਸਥਿਤ ਪਾਰਕ ਵਿੱਚ ਇੱਕ ਔਰਤ ਨੂੰ ਨਵਜੰਮੀ ਬੱਚੀ ਨੂੰ ਚੁੱਕੀ ਦੇਖਿਆ, ਜੋ ਲਗਾਤਾਰ ਰੋ ਰਹੀ ਸੀ| ਹਾਲਾਤ ਸ਼ੱਕੀ ਦੇਖ ਕੇ ਰਾਹਗੀਰਾਂ ਨੇ ਔਰਤ ਤੋਂ ਪੁੱਛਗਿੱਛ ਕੀਤੀ| ਗੱਲਬਾਤ ਦੌਰਾਨ ਉਸ ਨੇ ਕਥਿਤ ਤੌਰ ’ਤੇ ਕਬੂਲ ਕੀਤਾ ਕਿ ਉਸ ਨੇ ਬੱਚੀ ਨੂੰ 2.10 ਲੱਖ ਰੁਪਏ ਵਿੱਚ ਖਰੀਦਿਆ ਹੈ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ|
ਪੁਲਸ ਅਨੁਸਾਰ, ਬੱਚੀ ਦਾ ਜਨਮ 13 ਫਰਵਰੀ ਨੂੰ ਬਾਬਾ ਥਾਨ ਸਿੰਘ ਚੌਕ ਨੇੜੇ ਅਰੋੜਾ ਨਰਸਿੰਗ ਹੋਮ ਵਿੱਚ ਹੋਇਆ ਸੀ| ਕਥਿਤ ਸੌਦੇ ਦੇ ਸਮੇਂ ਉਹ ਸਿਰਫ ਦੋ ਦਿਨਾਂ ਦੀ ਸੀ| ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਚੀ ਦੀ ਮਾਂ ਸੁਨੀਤਾ ਦੇਵੀ, ਜੋ ਕਿ ਸ਼ੇਰਪੁਰ ਕਲਾਂ ਰਹਿੰਦੀ þ ਤੇ ਮੂਲ ਰੂਪ ਵਿੱਚ ਗੋਰਖਪੁਰ, ਯੂ ਪੀ ਤੋਂ ਹੈ, ਮਨਪ੍ਰੀਤ ਕੌਰ ਬੀ ਏ ਐੱਮ ਐੱਸ ਡਾਕਟਰ (ਪੰਜਾਬ ਮਾਤਾ ਨਗਰ ਦੀ ਨਿਵਾਸੀ), ਪਰਵੀਨ (ਖੁੱਡ ਮੁਹੱਲਾ ਨਿਵਾਸੀ), ਰੁਚੀ (ਡਾਬਾ ਰੋਡ ਨਿਵਾਸੀ) ਅਤੇ ਮਨਦੀਪ ਕੌਰ ਪਿੰਡ ਨੰਗਲ, ਜ਼ਿਲ੍ਹਾ ਮੋਗਾ ਨਿਵਾਸੀ ਵਜੋਂ ਹੋਈ ਹੈ|
ਐਡੀਸ਼ਨਲ ਡੀ ਸੀ ਪੀ-1 ਸਮੀਰ ਵਰਮਾ ਨੇ ਦੱਸਿਆ ਕਿ ਸੁਨੀਤਾ ਦੇਵੀ ਦੀਆਂ ਪਹਿਲਾਂ ਵੀ ਚਾਰ ਬੱਚੀਆਂ ਹਨ| ਜਦੋਂ ਉਹ ਪੰਜਵੀਂ ਵਾਰ ਗਰਭਵਤੀ ਹੋਈ ਤਾਂ ਉਸ ਦਾ ਪਤੀ ਉਸ ਤੋਂ ਨਾਖੁਸ਼ ਸੀ| ਉਸ ਨੇ ਬੱਚੀ ਨੂੰ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਕੀਤਾ ਤੇ ਹਸਪਤਾਲ ਦੀ ਨਰਸ ਨਾਲ ਸੰਪਰਕ ਕਰਕੇ ਪਰਵੀਨ ਨਾਲ ਰਾਬਤਾ ਕੀਤਾ ਗਿਆ|
ਪਰਵੀਨ ਨਰਸ ਅਤੇ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਹੈ| ਉਸ ਨੇ ਕਥਿਤ ਤੌਰ ’ਤੇ ਮੋਗਾ ਦੇ ਪਿੰਡ ਅਜੀਤਵਾਲ ਦੀ ਇੱਕ ਹੋਰ ਨਰਸ ਗੁਰਮੀਤ ਕੌਰ ਨਾਲ ਸੰਪਰਕ ਕਰਕੇ ਅੰਮ੍ਰਿਤਸਰ ਦੀ ਇੱਕ ਆਸ਼ਾ ਵਰਕਰ ਪੰਮਾ ਨਾਲ ਗੱਲ ਕੀਤੀ, ਜਿਸ ਦੇ ਡਾਕਟਰਾਂ ਨਾਲ ਸੰਬੰਧ ਦੱਸੇ ਜਾਂਦੇ ਹਨ| ਆਸ਼ਾ ਵਰਕਰ ਨੇ ਡਾ. ਮਨਪ੍ਰੀਤ ਕੌਰ ਨੂੰ ਵਿਕਾਊ ਨਵਜੰਮੇ ਬੱਚੇ ਬਾਰੇ ਸੂਚਿਤ ਕੀਤਾ| ਜਦੋਂ ਡਾਕਟਰ ਨੂੰ ਕੋਈ ਖਰੀਦਦਾਰ ਨਾ ਮਿਲਿਆ, ਤਾਂ ਉਸ ਨੇ ਕਥਿਤ ਤੌਰ ’ਤੇ ਆਪਣੇ ਪੇਕੇ ਮੁਹੱਲਾ ਸੰਤ ਕਬੀਰ ਨਗਰ ਵਿੱਚ ਗੁਆਂਢੀ ਰੁਚੀ ਨਾਲ ਸੰਪਰਕ ਕੀਤਾ, ਜੋ ਕੇਅਰਟੇਕਰ ਵਜੋਂ ਕੰਮ ਕਰਦੀ ਹੈ|
ਰੁਚੀ ਨੇ ਫਿਰ ਮੋਗਾ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਸੰਪਰਕ ਕੀਤਾ, ਜਿਸ ਨੇ ਪਹਿਲਾਂ ਬੱਚਾ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ| ਮਨਦੀਪ ਕਥਿਤ ਤੌਰ ’ਤੇ ਬੱਚੀ ਨੂੰ ਖਰੀਦਣ ਲਈ ਸਹਿਮਤ ਹੋ ਗਈ| ਪੁਲਸ ਨੇ ਦੱਸਿਆ ਕਿ ਮਨਦੀਪ ਕੌਰ ਨੂੰ 2.10 ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ, ਜਿਸ ਵਿੱਚੋਂ 1.5 ਲੱਖ ਰੁਪਏ ਬੱਚੀ ਦੀ ਮਾਂ ਨੂੰ ਜਾਣੇ ਸਨ ਅਤੇ 60,000 ਰੁਪਏ ਕਮਿਸ਼ਨ ਵਜੋਂ ਰੱਖੇ ਜਾਣੇ ਸਨ| ਉਹ ਇਨ੍ਹਾਂ ਸ਼ਰਤਾਂ ’ਤੇ ਸਹਿਮਤ ਹੋ ਗਈ ਅਤੇ ਸੌਦਾ ਪੂਰਾ ਕਰਨ ਲਈ ਲੁਧਿਆਣਾ ਆ ਗਈ|
15 ਫਰਵਰੀ ਦੀ ਦੁਪਹਿਰ ਨੂੰ ਕਥਿਤ ਖਰੀਦਦਾਰ ਅਤੇ ਵਿਕਰੇਤਾ ਬੱਚੀ ਨੂੰ ਸੌਂਪਣ ਲਈ ਨੀਲਾ ਝੰਡਾ ਰੋਡ ’ਤੇ ਸਥਿਤ ਇੱਕ ਪਾਰਕ ਵਿੱਚ ਇਕੱਠੇ ਹੋਏ| ਹਾਲਾਂਕਿ, ਨਵਜੰਮੀ ਬੱਚੀ ਦੇ ਰੋਣ ਅਤੇ ਅਸਾਧਾਰਨ ਗਤੀਵਿਧੀਆਂ ਨੂੰ ਦੇਖ ਕੇ ਸ਼ੱਕੀ ਰਾਹਗੀਰਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ|
ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਰੇ ਨੈੱਟਵਰਕ ਦਾ ਪਰਦਾਫਾਸ਼ ਹੋ ਗਿਆ| ਪੁਲਸ ਨੇ ਕਿਹਾ ਕਿ ਜਿਸ ਨਰਸਿੰਗ ਹੋਮ ਵਿੱਚ ਬੱਚੀ ਦਾ ਜਨਮ ਹੋਇਆ ਸੀ, ਉੱਥੋਂ ਦੇ ਡਾਕਟਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ| ਜੇ ਜਾਂਚ ਦੌਰਾਨ ਹੋਰ ਸ਼ਮੂਲੀਅਤ ਪਾਈ ਗਈ ਤਾਂ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|