ਗਲਗੋਟੀਆਜ਼ ਯੂਨੀਵਰਸਿਟੀ ਦੀ ਕੁੱਤੇ-ਖਾਣੀ

0
4

ਨਵੀਂ ਦਿੱਲੀ : ਇੱਥੇ ਹੋ ਰਹੀ ‘ਇੰਡੀਆ ਏ ਆਈ ਇਮਪੈਕਟ ਸਮਿਟ 2026’ ਦੌਰਾਨ ਗਲਗੋਟੀਆਜ਼ ਯੂਨੀਵਰਸਿਟੀ ਇੱਕ ਵੱਡੇ ਅਤੇ ਗੰਭੀਰ ਵਿਵਾਦ ਦੇ ਘੇਰੇ ਵਿੱਚ ਆ ਗਈ ਹੈ, ਜਿਸ ਨੇ ਦੇਸ਼ ਦੇ ਤਕਨੀਕੀ ਅਤੇ ਰਾਜਨੀਤਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਹ ਪੂਰਾ ਮਾਮਲਾ ਇੱਕ ਚਾਰ ਪੈਰਾਂ ਵਾਲੇ ਰੋਬੋਟਿਕ ਕੁੱਤੇ ਕਾਰਨ ਸਾਹਮਣੇ ਆਇਆ ਹੈ, ਜਿਸ ਨੂੰ ਯੂਨੀਵਰਸਿਟੀ ਵੱਲੋਂ ਸੰਮੇਲਨ ਵਿੱਚ ਇੱਕ ਪ੍ਰਮੁੱਖ ਪ੍ਰਦਰਸ਼ਨੀ ਵਜੋਂ ਪੇਸ਼ ਕੀਤਾ ਗਿਆ ਸੀ। ਸ਼ੁਰੂ ਵਿੱਚ ਇਹ ਰੋਬੋਟ ਦਰਸ਼ਕਾਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਸੀ, ਪਰ ਜਲਦੀ ਹੀ ਇਹ ਦਾਅਵੇ ਸਾਹਮਣੇ ਆਏ ਕਿ ਇਹ ਕੋਈ ਭਾਰਤੀ ਕਾਢ ਨਹੀਂ, ਸਗੋਂ ਇੱਕ ਚੀਨੀ ਉਤਪਾਦ ਹੈ। ਇਸ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਯੂਨੀਵਰਸਿਟੀ ਵਿਰੁੱਧ ਤਿੱਖੀ ਪ੍ਰਤੀਕਿਰਿਆ ਹੋਈ ਅਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ, ਵਿਵਾਦ ਇੰਨਾ ਵਧ ਗਿਆ ਕਿ ਸਰਕਾਰੀ ਸੂਤਰਾਂ ਅਨੁਸਾਰ ਯੂਨੀਵਰਸਿਟੀ ਨੂੰ ਆਪਣਾ ਸਟਾਲ ਤੁਰੰਤ ਖਾਲੀ ਕਰਨ ਲਈ ਕਹਿ ਦਿੱਤਾ ਗਿਆ। ਗਲਗੋਟੀਆਜ਼ ਯੂਨੀਵਰਸਿਟੀ ਨੇ ਰੋਬੋਟਿਕ ਕੁੱਤੇ ਨੂੰ ‘ਓਰੀਅਨ’ ਨਾਂਅ ਦੇ ਲੇਬਲ ਹੇਠ ਪ੍ਰਦਰਸ਼ਤ ਕੀਤਾ ਸੀ। ਭਾਰਤ ਮੰਡਪਮ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਇਹ ਰੋਬੋਟ ਆਪਣੀ ਚੁਸਤੀ ਅਤੇ ਹਰਕਤਾਂ ਕਾਰਨ ਸਭ ਦਾ ਧਿਆਨ ਖਿੱਚ ਰਿਹਾ ਸੀ; ਇਸ ਨੂੰ ਦਰਸ਼ਕਾਂ ਨਾਲ ਹੱਥ ਮਿਲਾਉਂਦੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਦੇਖਿਆ ਗਿਆ, ਜਿਸ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੋਈਆਂ। ਹਾਲਾਂਕਿ, ਤਕਨੀਕੀ ਮਾਹਰਾਂ ਅਤੇ ਆਨਲਾਈਨ ਨਿਗਰਾਨਾਂ ਨੇ ਜਲਦੀ ਹੀ ਪਛਾਣ ਕਰ ਲਈ ਕਿ ਇਹ ਰੋਬੋਟ ਅਸਲ ਵਿੱਚ ਚੀਨੀ ਰੋਬੋਟਿਕਸ ਕੰਪਨੀ ‘ਯੂਨੀਟਰੀ’ ਵੱਲੋਂ ਬਣਾਇਆ ਗਿਆ ਜੀਓ2 ਮਾਡਲ ਹੈ। ਯੂਨੀਵਰਸਿਟੀ ’ਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਇੱਕ ਬਾਜ਼ਾਰ ਵਿੱਚ ਆਮ ਮਿਲਣ ਵਾਲੀ ਚੀਨੀ ਮਸ਼ੀਨ ਨੂੰ ਆਪਣੀ ਸਵਦੇਸ਼ੀ ਤਕਨੀਕੀ ਪ੍ਰਾਪਤੀ ਵਜੋਂ ਪੇਸ਼ ਕਰਕੇ ਲੋਕਾਂ ਨੂੰ ਗੰੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮਸ਼ੀਨ ਦੀ ਮਲਕੀਅਤ ਅਤੇ ਇਸ ਨੂੰ ਬਣਾਉਣ ਦੇ ਦਾਅਵਿਆਂ ਨੇ ਹੀ ਸਾਰਾ ਵਿਵਾਦ ਖੜ੍ਹਾ ਕੀਤਾ ਹੈ। ਇਹ ਪੂਰੀ ਘਟਨਾ ਭਾਰਤ ਵਿੱਚ ‘ਸਵਦੇਸ਼ੀ ਤਕਨੀਕ’ ਅਤੇ ‘ਮੇਕ ਇਨ ਇੰਡੀਆ’ ਦੇ ਪ੍ਰਚਾਰ ਦਰਮਿਆਨ ਇੱਕ ਵੱਡੀ ਬਹਿਸ ਦਾ ਵਿਸ਼ਾ ਬਣ ਗਈ ਹੈ। ਉਧਰ ਗਲਗੋਟੀਆਜ਼ ਯੂਨੀਵਰਸਿਟੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਇਹ ਰੋਬੋਟ ਉਸ ਦੀ ਆਪਣੀ ਕਾਢ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਸ ਨੇ ਇਸ ਨੂੰ ਇੱਕ ਚੀਨੀ ਮਸ਼ੀਨ ਵਜੋਂ ਹੀ ਪਛਾਣਿਆ ਸੀ ਅਤੇ ਕੋਈ ਗਲਤ ਬਿਆਨੀ ਨਹੀਂ ਕੀਤੀ ਗਈ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਯੂਨੀਵਰਸਿਟੀ ’ਤੇ ਤਿੱਖੇ ਹਮਲੇ ਕੀਤੇ ਹਨ। ਰਾਹੁਲ ਗਾਂਧੀ ਨੇ ਇਸ ਏ ਆਈ ਸੰਮੇਲਨ ਨੂੰ ਇੱਕ ਗੈਰ-ਸੰਗਠਤ ਪੀਆਰ ਤਮਾਸ਼ਾ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੀ ਪ੍ਰਤਿਭਾ ਅਤੇ ਡੇਟਾ ਦੀ ਵਰਤੋਂ ਕਰਨ ਦੀ ਬਜਾਏ, ਇੱਥੇ ਚੀਨੀ ਉਤਪਾਦਾਂ ਦੀ ਨੁਮਾਇਸ਼ ਲਗਾਈ ਜਾ ਰਹੀ ਹੈ।
ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਭਾਰਤੀ ਡੇਟਾ ਨੂੰ ਵੇਚਣ ਲਈ ਰੱਖਿਆ ਗਿਆ ਹੈ। ਕਾਂਗਰਸ ਪਾਰਟੀ ਨੇ ਅਧਿਕਾਰਤ ਤੌਰ ’ਤੇ ਕਿਹਾ ਕਿ ਮੋਦੀ ਸਰਕਾਰ ਨੇ ਏ ਆਈ ਦੇ ਖੇਤਰ ਵਿੱਚ ਭਾਰਤ ਦਾ ਵਿਸ਼ਵ ਪੱਧਰ ’ਤੇ ਮਜ਼ਾਕ ਉਡਾਇਆ ਹੈ। ਉਸ ਅਨੁਸਾਰ, ਚੀਨੀ ਮੀਡੀਆ ਨੇ ਵੀ ਇਸ ਘਟਨਾ ਨੂੰ ਲੈ ਕੇ ਭਾਰਤ ਦਾ ਮਜ਼ਾਕ ਉਡਾਇਆ ਹੈ, ਜੋ ਬੇਹੱਦ ਸ਼ਰਮਨਾਕ ਹੈ। ਪਾਰਟੀ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ’ਤੇ ਵੀ ਦੋਸ਼ ਲਾਇਆ ਕਿ ਉਹ ਚੀਨੀ ਰੋਬੋਟਾਂ ਨੂੰ ਭਾਰਤੀ ਦੱਸ ਕੇ ਝੂਠ ਨੂੰ ਉਤਸ਼ਾਹਤ ਕਰ ਰਹੇ ਹਨ, ਜਿਸ ਨਾਲ ਦੇਸ਼ ਦੇ ਅਕਸ ਨੂੰ ਅਜਿਹਾ ਨੁਕਸਾਨ ਪਹੁੰਚਿਆ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।