ਨਵੀਂ ਦਿੱਲੀ : ਰਾਜਧਾਨੀ ਦੇ ਦਵਾਰਕਾ ਇਲਾਕੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ 23 ਸਾਲਾ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਬਹਿਸ ਛਿੜ ਗਈ ਹੈ। ਨਾਬਾਲਗ ਮੁਲਜ਼ਮ ਦੇ ਪਰਵਾਰ ਅਤੇ ਵਕੀਲ ਨੇ ਅਕਾਦਮਿਕ ਤਣਾਅ ਅਤੇ ਉਸ ਵੱਲੋਂ ਝੱਲੇ ਗਏ ਸਦਮੇ ਦਾ ਹਵਾਲਾ ਦਿੰਦੇ ਹੋਏ ਜਨਤਕ ਹਮਦਰਦੀ ਦੀ ਮੰਗ ਕੀਤੀ ਹੈ। ਹਾਦਸਾ 3 ਫਰਵਰੀ ਨੂੰ ਦਵਾਰਕਾ ਸਾਊਥ ਦੇ ਲਾਲ ਬਹਾਦਰ ਸ਼ਾਸਤਰੀ ਕਾਲਜ ਨੇੜੇ ਵਾਪਰਿਆ ਸੀ। ਦਿੱਲੀ ਪੁਲਸ ਅਨੁਸਾਰ ਸਵੇਰੇ 11:57 ਵਜੇ ਦੇ ਕਰੀਬ ਇੱਕ ਪੀ ਸੀ ਆਰ ਕਾਲ ਪ੍ਰਾਪਤ ਹੋਈ ਸੀ, ਜਿਸ ਵਿੱਚ ਇੱਕ ਗੰਭੀਰ ਟੱਕਰ ਦੀ ਰਿਪੋਰਟ ਕੀਤੀ ਗਈ ਸੀ। ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਐੱਸ ਯੂ ਵੀ ਅਤੇ ਇੱਕ ਮੋਟਰਸਾਈਕਲ ਸਮੇਤ ਤਿੰਨ ਨੁਕਸਾਨੇ ਹੋਏ ਵਾਹਨ ਮਿਲੇ। ਮੋਟਰਸਾਈਕਲ ਸਵਾਰ, ਜਿਸ ਦੀ ਪਛਾਣ ਸਾਹਿਲ ਧਨੇਸ਼ਰਾ (23) ਵਜੋਂ ਹੋਈ, ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ।
ਪੁਲਸ ਨੇ ਭਾਰਤੀ ਨਿਆਂ ਸੰਹਿਤਾ ਤਹਿਤ ਦਵਾਰਕਾ ਸਾਊਥ ਥਾਣੇ ਵਿੱਚ ਐੱਫ ਆਈ ਆਰ ਦਰਜ ਕੀਤੀ ਹੈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ, ਜੋ ਕਥਿਤ ਤੌਰ ’ਤੇ ਬਿਨਾਂ ਲਾਇਸੈਂਸ ਦੇ ਇੱਕ ਨਾਬਾਲਗ ਵੱਲੋਂ ਚਲਾਈ ਜਾ ਰਹੀ ਸੀ, ਪਹਿਲਾਂ ਉਲਟ ਦਿਸ਼ਾ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਟਕਰਾਈ ਅਤੇ ਫਿਰ ਇੱਕ ਹੋਰ ਖੜ੍ਹੀ ਕਾਰ ਵਿੱਚ ਜਾ ਵੱਜੀ।
ਮੁਲਜ਼ਮ ਦੇ ਪਿਤਾ ਨੇ ਪਛਤਾਵਾ ਜ਼ਾਹਰ ਕਰਦਿਆਂ ਕਿਹਾ, “ਇਹ ਮੇਰੇ ਪੁੱਤਰ ਦੀ ਗਲਤੀ ਹੈ ਅਤੇ ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਮੈਂ ਕਾਨੂੰਨੀ ਪ੍ਰਕਿਰਿਆ ਜੋ ਵੀ ਹੋਵੇਗੀ, ਉਸ ਦੀ ਪਾਲਣਾ ਕਰਾਂਗਾ।” ਉਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਸ ਦਾ ਪੁੱਤਰ ਅਤੇ ਧੀ ਦੋਵੇਂ ਵਾਹਨ ਵਿੱਚ ਸਨ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੀ ਧੀ ਰੀਲ੍ਹ ਬਣਾ ਰਹੀ ਸੀ, ਇਹ ਸਪੱਸ਼ਟ ਕਰ ਦਿਆਂ ਕਿ ਇਹ ਸਿਰਫ ਇੱਕ ਛੋਟੀ ਵੀਡੀਓ ਸੀ। ਉਸ ਨੇ ਅੱਗੇ ਕਿਹਾ ਕਿ ਵਾਹਨ ਪਰਵਾਰ ਦੇ ਵਪਾਰਕ ਟਰਾਂਸਪੋਰਟ ਕਾਰੋਬਾਰ ਦਾ ਹਿੱਸਾ ਹੈ ਅਤੇ ਪਿਛਲੇ ਚਲਾਨ ਹਾਇਰ ਕੀਤੇ ਗਏ ਡਰਾਈਵਰਾਂ ਨਾਲ ਸੰਬੰਧਤ ਸਨ, ਨਾ ਕਿ ਉਸ ਦੇ ਪੁੱਤਰ ਨਾਲ।
ਉਸ ਨੇ ਕਿਹਾ, “ਇਹ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਮੈਂ ਬਹੁਤ ਪਰੇਸ਼ਾਨ ਹਾਂ। ਪੂਰੇ ਪਰਵਾਰ ਨੂੰ ਡੂੰਘਾ ਦੁੱਖ ਹੈ। ਅਸੀਂ ਪੁਲਸ ਨੂੰ ਸਹਿਯੋਗ ਦਿੱਤਾ ਅਤੇ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ।” ਇਸ ਦੌਰਾਨ, ਨਾਬਾਲਗ ਦੇ ਬਚਾਅ ਪੱਖ ਦੇ ਵਕੀਲ ਲਾਲ ਸਿੰਘ ਠਾਕੁਰ ਨੇ ਨਰਮੀ ਦੀ ਇਹ ਅਪੀਲ ਕਰਨ ਲਈ ਆਲੋਚਨਾ ਦਾ ਸਾਹਮਣਾ ਕੀਤਾ ਹੈ ਕਿ ਮੁਲਜ਼ਮ ਇੱਕ ‘ਪੜ੍ਹਨ ਵਾਲਾ ਬੱਚਾ’ ਹੈ, ਜੋ ਬਹੁਤ ਜ਼ਿਆਦਾ ਦਬਾਅ ਦਾ ਸਾਹਮਣਾ ਕਰ ਰਿਹਾ ਹੈ।
ਠਾਕੁਰ ਨੇ ਕਿਹਾ, ‘ਇਹ ਘਟਨਾ ਬਹੁਤ ਮੰਦਭਾਗੀ ਅਤੇ ਦਰਦਨਾਕ ਹੈ। ਪਰਵਾਰ ਬਹੁਤ ਜ਼ਿਆਦਾ ਤਣਾਅ ਤੇ ਸਦਮੇ ਵਿੱਚ ਹੈ। ਮੁੰਡੇ ਦੀਆਂ ਬੋਰਡ ਪ੍ਰੀਖਿਆਵਾਂ ਹਨ ਅਤੇ ਉਹ ਧਿਆਨ ਕੇਂਦਰਤ ਕਰਨ ਵਿੱਚ ਅਸਮਰਥ ਹੈ। ਉਹ ਗੋਲਡ ਮੈਡਲ ਜੇਤੂ ਹੈ ਅਤੇ ਇਸ ਹਾਦਸੇ ਦਾ ਉਸ ਦੀ ਜ਼ਿੰਦਗੀ ’ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ।
ਵਕੀਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਾਮਲਾ ਅਜੇ ਜਾਂਚ ਅਧੀਨ ਹੈ ਅਤੇ ਬਚਾਅ ਪੱਖ ਇਹ ਸਵੀਕਾਰ ਨਹੀਂ ਕਰ ਰਿਹਾ ਕਿ ਨਾਬਾਲਗ ਗੱਡੀ ਚਲਾ ਰਿਹਾ ਸੀ। ਉਸ ਨੇ ਇਹ ਵੀ ਦਲੀਲ ਦਿੱਤੀ ਕਿ ਕਿਸ਼ੋਰ ਮੌਕੇ ਤੋਂ ਫਰਾਰ ਨਹੀਂ ਹੋਇਆ ਸੀ ਅਤੇ ਪਰਵਾਰ ਨੇ ਕੇਸ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਠਾਕੁਰ ਦੇ ਅਨੁਸਾਰ ਜੁਵੇਨਾਈਲ ਜਸਟਿਸ ਬੋਰਡ ਨੇ ਸ਼ੁਰੂ ਵਿੱਚ ਨਾਬਾਲਗ ਨੂੰ ਇੱਕ ਨਿਰੀਖਣ ਕੇਂਦਰ ਵਿੱਚ ਭੇਜਿਆ ਸੀ ਅਤੇ ਬਾਅਦ ਵਿੱਚ 10 ਫਰਵਰੀ ਨੂੰ ਅੰਤਰਮ ਜ਼ਮਾਨਤ ਦੇ ਦਿੱਤੀ ਸੀ, ਤਾਂ ਜੋ ਉਸ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਠਾਕੁਰ ਨੇ ਅੱਗੇ ਦਾਅਵਾ ਕੀਤਾ ਕਿ ਪਰਵਾਰ ਨੂੰ ਲਗਭਗ 1,400 ਧਮਕੀ ਭਰੀਆਂ ਕਾਲਾਂ ਆਈਆਂ ਹਨ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਜਿਸ ਨੂੰ ‘ਮੀਡੀਆ ਟਰਾਇਲ’ ਕਹਿੰਦੇ ਹਨ, ਉਸ ਤੋਂ ਬਚਣ, ਕਿਉਂਕਿ ਦਬਾਅ ਕਾਰਨ ਨਾਬਾਲਗ ਦੀ ਮਾਨਸਕ ਸਿਹਤ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਮਾਮਲੇ ਦੀ ਜਾਂਚ ਜਾਰੀ ਹੈ, ਕਿਉਂਕਿ ਦੋਵੇਂ ਪਰਵਾਰ ਤਣਾਅ ਨਾਲ ਜੂਝ ਰਹੇ ਹਨ।




