ਸੀ ਪੀ ਆਈ ਦੀ ਪੰਜਾਬ ਸੂਬਾ ਕਾਨਫਰੰਸ ਸਫ਼ਲਤਾ ਨਾਲ ਸੰਪੰਨ, 75 ਮੈਂਬਰੀ ਸੂਬਾ ਕੌਂਸਲ ਤੇ 9 ਮੈਂਬਰੀ ਕੰਟਰੋਲ ਕਮਿਸ਼ਨ ਦੀ ਚੋਣਜਲੰਧਰ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੀ ਦੋ ਦਿਨਾ ਸੂਬਾਈ ਕਾਨਫਰੰਸ ਬੁੱਧਵਾਰ ਇੱਥੇ ਸਫਲਤਾ ਨਾਲ ਨੇਪਰੇ ਚੜ੍ਹੀ। ਇਸ ਦੌਰਾਨ 75 ਮੈਂਬਰੀ ਸੂਬਾ ਕੌਂਸਲ ਤੇ 9 ਮੈਂਬਰੀ ਕੰਟਰੋਲ ਕਮਿਸ਼ਨ ਦੀ ਚੋਣ ਕੀਤੀ ਗਈ। ਸੂਬਾ ਸਕੱਤਰ ਦੀ ਚੋਣ ਆਉਣ ਵਾਲੇ ਕੁਝ ਦਿਨਾਂ ਵਿੱਚ ਕੀਤੀ ਜਾਵੇਗੀ।
25ਵੀਂ ਸੂਬਾ ਕਾਨਫਰੰਸ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਰਾਜਸੀ ਰੀਵਿਊ ਰਿਪੋਰਟ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਇਸ ਸੂਬਾ ਕਾਨਫਰੰਸ ਤੋਂ ਪਹਿਲਾਂ 24ਵੀਂ ਕਾਨਫਰੰਸ 8-9 ਸਤੰਬਰ 2022 ਨੂੰ ਵੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੀ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੰਸਾਰ ਪੱਧਰ ’ਤੇ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਾਮਰੇਡ ਬਰਾੜ ਨੇ ਰਿਪੋਰਟ ਵਿੱਚ ਅੰਤਰ-ਰਾਸ਼ਟਰੀ ਹਾਲਾਤ ਤੋਂ ਲੈ ਕੇ ਪੰਜਾਬ ਦੀਆਂ ਸਿਆਸੀ, ਸਮਾਜੀ ਤੇ ਆਰਥਿਕ ਹਾਲਤਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾ ਸਤੰਬਰ 2025 ਵਿੱਚ ਚੰਡੀਗੜ੍ਹ ਵਿੱਚ ਹੋਈ ਪਾਰਟੀ ਕਾਂਗਰਸ ਦੀ ਵੱਡੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਪੰਜਾਬ ਦੀ ਸਮੁੱਚੀ ਪਾਰਟੀ ਨੂੰ ਜਾਂਦਾ ਹੈ। ਸਭ ਦੇ ਸਾਂਝੇ ਯਤਨਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਏ।
ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਮਿਆਂ ਵਿੱਚ ਡੇਰਾਵਾਦ ਦਾ ਵੱਡਾ ਉਭਾਰ ਹੋਇਆ ਹੈ। ਆਰ ਐੱਸ ਐੱਸ ਤੇ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣੀ ਜਕੜ ਵਿੱਚ ਲੈਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਕਾਮਰੇਡ ਬਰਾੜ ਨੇ ਭਾਜਪਾ, ਆਰ ਐੱਸ ਐੱਸ ਤੇ ਅਕਾਲੀ ਦਲ ਦੇ ਸੰਭਾਵੀ ਗੱਠਜੋੜ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਠੀਕ ਨਹੀਂ ਹੋਵੇਗਾ। ਇਸ ਵਿਸਥਾਰਤ ਰਿਪੋਰਟ ਵਿੱਚ ਪਿਛਲੇ ਸਾਲਾਂ ਦੀ ਹਰ ਸਰਗਰਮੀ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ’ਤੇ ਭਖਵੀਂ ਬਹਿਸ ਹੋਈ। ਡੈਲੀਗੇਟਾਂ ਨੇ ਰਿਪੋਰਟ ਦਾ ਹਿੱਸਾ ਬਣਨ ਲਈ ਬਹੁਤ ਸਾਰੇ ਸੁਝਾਅ ਦਿੱਤੇ। ਇਸ ਬਹਿਸ ਵਿੱਚ ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ, �ਿਸ਼ਨ ਚੌਹਾਨ, ਪਿ੍ਰਥੀਪਾਲ ਮਾੜੀਮੇਘਾ, ਸੁਖਦੇਵ ਸ਼ਰਮਾ, ਦੇਵੀ ਕੁਮਾਰੀ ਸਰਹਾਲੀ ਕਲਾਂ, ਕੁਲਦੀਪ ਭੋਲਾ, ਰਜਿੰਦਰ ਪਾਲ ਕੌਰ ਸਮੇਤ 41 ਸਾਥੀਆਂ ਨੇ ਹਿੱਸਾ ਲਿਆ। ਇਸੇ ਦੌਰਾਨ ਵੈਟਰਨ ਕਮਿਊਨਿਸਟ ਆਗੂਆਂ ਨੂੰ ਸੂਬਾ ਪਾਰਟੀ ਵੱਲੋਂ ਸਨਮਾਨਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲੇ ਆਗੂਆਂ ਵਿੱਚ ਭੁਪਿੰਦਰ ਸਾਂਬਰ, ਹਰਭਜਨ ਸਿੰਘ, ਸੰਪੂਰਨ ਸਿੰਘ ਛਾਜਲੀ, ਚੰਦ ਫਤਿਹਪੁਰੀ, ਕੁਸ਼ਲ ਭੌਰਾ ਆਦਿ ਸ਼ਾਮਲ ਹਨ। ਸੂਬਾ ਕਾਨਫਰੰਸ ਵਿੱਚ ਵੱਖ-ਵੱਖ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਲਖਬੀਰ ਸਿੰਘ ਨਿਜ਼ਾਮਪੁਰ ਵੱਲੋਂ ਪੇਸ਼ ਕੀਤੇ ਮਤੇ ਵਿੱਚ ਪੰਜਾਬ ਦੇ ਸੰਘਰਸ਼ਸ਼ੀਲ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਉਪਰ ਹੰੁਦੇ ਪੁਲਸ ਤਸ਼ੱਦਦ ਦੀ ਨਿਖੇਧੀ ਕੀਤੀ ਗਈ। ਬਠਿੰਡਾ ਵਿਖੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਅਸਫਲ ਕਰਨ ਲਈ ਪੂਰੇ ਪੰਜਾਬ ਦੀ ਕੀਤੀ ਗਈ ਨਾਕੇਬੰਦੀ ਦੀ ਨਿਖੇਧੀ ਦਾ ਵੀ ਮਤਾ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਡਾ. ਰਜਿੰਦਰ ਪਾਲ ਸਿੰਘ ਔਲਖ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਰੁਣ ਮਿੱਤਰਾ ਅਤੇ ਗਿਆਨ ਸੈਦਪੁਰੀ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਮਤੇ ਪੇਸ਼ ਕੀਤੇ ਗਏ, ਜੋ ਡੈਲੀਗੇਟ ਹਾਊਸ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤੇ।


