ਹੁਸ਼ਿਆਰਪੁਰ : ਦਸੂਹਾ ਰੋਡ ’ਤੇ ਚਾਰੇ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਇੱਕ ਢਾਬੇ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿ੍ਰਤਕਾਂ ਦੀ ਪਛਾਣ 35 ਸਾਲਾ ਕਮਲ ਕੁਮਾਰ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਰਹਿਣ ਵਾਲਾ ਸੀ ਅਤੇ ਇਸ ਢਾਬੇ ਦਾ ਮਾਲਕ ਸੀ। ਦੂਜਾ ਮਿ੍ਰਤਕ 24 ਸਾਲਾ ਰਣਜੀਤ ਸਿੰਘ ਹੈ, ਜੋ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਉਸ ਵੇਲੇ ਢਾਬੇ ’ਤੇ ਇੱਕ ਗਾਹਕ ਵਜੋਂ ਮੌਜੂਦ ਸੀ। ਟਰੈਕਟਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰੈਕਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।
ਪ੍ਰੀਖਿਆ ਦੌਰਾਨ ਸਕੂਲਾਂ ਨੂੰ ਉਡਾ ਦੇਣ ਦੀਆਂ ਮਿਲੀਆਂ ਧਮਕੀਆਂ
ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਦਰਮਿਆਨ ਵੀਰਵਾਰ ਨੂੰ ਨੋਇਡਾ ਦੇ ਘੱਟੋ-ਘੱਟ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਮਿਲੀਆਂ, ਜਿਸ ਨਾਲ ਦਹਿਸ਼ਤ ਫੈਲ ਗਈ ਅਤੇ ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਪੁਲਸ ਅਧਿਕਾਰੀਆਂ ਅਨੁਸਾਰ ਇਹ ਧਮਕੀਆਂ ਪ੍ਰੀਖਿਆ ਦੇ ਸਮੇਂ ਦੌਰਾਨ ਈਮੇਲ ਰਾਹੀਂ ਪ੍ਰਾਪਤ ਹੋਈਆਂ ਸਨ। ਸਕੂਲ ਪ੍ਰਸ਼ਾਸਨ ਨੇ ਤੁਰੰਤ ਵਿਦਿਆਰਥੀਆਂ ਅਤੇ ਸਟਾਫ ਨੂੰ ਬਾਹਰ ਕੱਢਿਆ ਅਤੇ ਮਾਪਿਆਂ ਨੂੰ ਸੂਚਿਤ ਕੀਤਾ। ਨੋਇਡਾ ਪੁਲਸ ਦੀਆਂ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੇ ਨਾਲ ਪ੍ਰਭਾਵਿਤ ਸਕੂਲਾਂ ਵਿੱਚ ਪਹੁੰਚੀਆਂ । ਵੀਰਵਾਰ ਸਵੇਰੇ ਦਿੱਲੀ ਦੇ ਘੱਟੋ-ਘੱਟ ਤਿੰਨ ਸਕੂਲਾਂ ਨੂੰ ਵੀ ਬੰਬ ਦੀਆਂ ਅਜਿਹੀਆਂ ਹੀ ਧਮਕੀਆਂ ਮਿਲੀਆਂ, ਜਿਸ ਤੋਂ ਬਾਅਦ ਐਮਰਜੈਂਸੀ ਏਜੰਸੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ। ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਦੇ ਸੀ ਆਰ ਪੀ ਐੱਫ ਪਬਲਿਕ ਸਕੂਲ ਅਤੇ ਸੇਂਟ ਥਾਮਸ ਸਕੂਲ ਅਤੇ ਪੱਛਮ ਐਨਕਲੇਵ ਦੇ ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਨੂੰ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ ਸਨ। ਸਾਵਧਾਨੀ ਵਜੋਂ ਫਾਇਰ ਟੈਂਡਰ ਅਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।
ਪੰਜਾਬ ਸਕੱਤਰੇਤ ਨੂੰ ਉਡਾਉਣ ਦੀ ਧਮਕੀ
ਚੰਡੀਗੜ੍ਹ : ਪੰਜਾਬ ਸਕੱਤਰੇਤ ਨੂੰ ਵੀਰਵਾਰ ਬੰਬ ਨਾਲ ਉਡਾਉਣ ਦੀ ਇੱਕ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਪੁਲਸ, ਫਾਇਰ ਬਿ੍ਰਗੇਡ ਦੇ ਅਧਿਕਾਰੀ, ਬੰਬ ਨਿਰੋਧਕ ਦਸਤੇ ਤੇ ਡੌਗ ਸਕੁਐਡ ਮੌਕੇ ’ਤੇ ਪੁੱਜੇ, ਪਰ ਤਲਾਸ਼ੀ ਮੁਹਿੰਮ ਤੋਂ ਬਾਅਦ ਕੋਈ ਸ਼ੱਕੀ ਸਮੱਗਰੀ ਜਾਂ ਵਿਸਫੋਟਕ ਨਹੀਂ ਮਿਲਿਆ। ਪੁਲਸ ਨੇ ਸਕੱਤਰੇਤ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਪਿਛਲੇ ਮਹੀਨੇ ਵੀ ਪੰਜਾਬ ਸਕੱਤਰੇਤ ਨੂੰ ਅਜਿਹੀ ਹੀ ਇੱਕ ਧਮਕੀ ਭਰੀ ਮੇਲ ਮਿਲੀ ਸੀ, ਜੋ ਕਿ ਫਰਜ਼ੀ ਨਿਕਲੀ ਸੀ।
ਮਹਿਲਾ ਡਾਨ ਗਿ੍ਰਫ਼ਤਾਰ
ਨਵੀਂ ਦਿੱਲੀ : ਲਾਰੈਂਸ ਬਿਸ਼ਨੋਈ ਗੈਂਗ ਦੀ ਮੈਡਮ ਜਾਹਰ ਨੂੰ ਗਿ੍ਰਫ਼ਤਾਰ ਕਰ ਲੈਣ ਦੀ ਖਬਰ ਹੈ। ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ਼ ਨੇਹਾ, ਜਿਸ ’ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਦਰ ਡਰੱਗ ਸਿੰਡੀਕੇਟ ਵਿਚ ਸ਼ਾਮਿਲ ਹੋਣ ਦਾ ਦੋਸ਼ ਹੈ, ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਨੇਹਾ ਲਾਰੈਂਸ ਬਿਸ਼ਨੋਈ ਗੈਂਗ ਵਿਚ ਬੰਦੂਕਧਾਰੀ ਵਜੋਂ ਜਾਣੇ ਜਾਂਦੇ ਬੌਬੀ ਕਬੂਤਰ ਦੀ ਪ੍ਰੇਮਿਕਾ ਹੈ। ਬੌਬੀ ਕਬੂਤਰ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਹੈ। ਏਸ਼ੀਆ ਵਿਚ ਇਕ ਵੱਡਾ ਹਥਿਆਰ ਸਪਲਾਇਰ ਅਤੇ ਭਾਰਤ ਦਾ ਸਭ ਤੋਂ ਵੱਡਾ ਗੈਰ-ਕਾਨੂੰਨੀ ਹਥਿਆਰ ਡੀਲਰ ਬੌਬੀ ਕਬੂਤਰ ਸਲੀਮ ਪਿਸਤੌਲ ਤੋਂ ਹਥਿਆਰ ਖਰੀਦਦਾ ਸੀ। ਹਾਲ ਹੀ ਵਿੱਚ ਪਾਕਿਸਤਾਨ ਆਈ ਐੱਸ ਆਈ ਲਈ ਕੰਮ ਕਰਨ ਵਾਲੇ ਸਲੀਮ ਪਿਸਤੌਲ ਨੂੰ ਨੇਪਾਲ-ਭਾਰਤ ਸਰਹੱਦ ’ਤੇ ਗਿ੍ਰਫ਼ਤਾਰ ਕਰ ਲਿਆ ਗਿਆ ਸੀ।




