ਨਰਸਿੰਗ ਵਿਦਿਆਰਥਣ ਵੱਲੋਂ ਹੋਸਟਲ ਦੇ ਕਮਰੇ ’ਚ ਖੁਦਕੁਸ਼ੀ

0
11

ਸ੍ਰੀ ਗੋਇੰਦਵਾਲ ਸਾਹਿਬ : ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਰਿਜਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਬੀ ਐੱਸ ਸੀ ਨਰਸਿੰਗ ਕਰ ਰਹੀ ਵਿਦਿਆਰਥਣ ਨੇ ਯੂਨੀਵਰਸਿਟੀ ਸਟਾਫ ਦੇ ਕਥਿਤ ਮਾੜੇ ਰਵੱਈਏ ਕਾਰਨ ਖੁਦਕਸ਼ੀ ਕਰ ਲਈ। ਮਿ੍ਰਤਕ ਲੜਕੀ ਦੀ ਪਛਾਣ ਖੁਸ਼ਪ੍ਰੀਤ ਕੌਰ (21) ਪੁੱਤਰੀ ਅਮਰੀਕ ਸਿੰਘ ਵਾਸੀ ਧੂਰਕੋਟ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਮਿ੍ਰਤਕ ਲੜਕੀ ਦੇ ਪਿਤਾ ਅਮਰੀਕ ਸਿੰਘ ਤੇ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਖੁਸ਼ਪ੍ਰੀਤ ਬੀ ਐੱਸ ਸੀ ਨਰਸਿੰਗ ਭਾਗ ਤੀਜੇ ਦੀ ਹੋਣਹਾਰ ਵਿਦਿਆਰਥਣ ਸੀ। ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ’ਤੇ ਦੋਸ਼ ਲਾਉਂਦੇ ਆਖਿਆ ਕਿ ਕੁਝ ਮਹੀਨਿਆਂ ਤੋਂ ਖੁਸ਼ਪ੍ਰੀਤ ਕੌਰ ਨੂੰ ਕਲਾਸ ਅਧਿਆਪਕ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰ ਰਹੀ ਸੀ, ਜਿਸ ਦੇ ਸੰਬੰਧ ਵਿੱਚ ਯੂਨੀਵਰਸਿਟੀ ਦੇ ਪਿ੍ਰੰਸੀਪਲ ਨੂੰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਵੀਰਵਾਰ ਖੁਸ਼ਪ੍ਰੀਤ ਕੌਰ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ। ਪੀੜਤ ਪਰਵਾਰ ਨੇ ਇਸ ਸੰਬੰਧੀ ਪੁਲਸ ਪ੍ਰਸ਼ਾਸਨ ਨੂੰ ਖੁਸ਼ਪ੍ਰੀਤ ਕੌਰ ਵੱਲੋਂ ਖੁਦਕੁਸ਼ੀ ਕਰਨ ਸੰਬੰਧੀ ਵਟਸਐਪ ਚੈਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਖੁਸ਼ਪ੍ਰੀਤ ਨੇ ਆਪਣੀ ਮੌਤ ਲਈ ਕਾਲਜ ਦੀ ਇੱਕ ਅਧਿਆਪਕ ਅਤੇ ਆਪਣੇ ਦੋਸਤਾਂ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਰਿਜਨਲ ਸੈਂਟਰ ਦੇ ਪਿ੍ਰੰਸੀਪਲ ਚਰਨਜੀਤ ਕੌਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਸੈਂਟਰ ਦੇ ਹਰ ਵਿਦਿਆਰਥੀ ਨਾਲ ਤਾਲਮੇਲ ਤੇ ਪਿਆਰ ਰੱਖਦੇ ਹਨ।