ਪਾਵਰਕਾਮ ਦੀ ਸੰਪਤੀ ਤਬਦੀਲ ਕਰਨ ’ਤੇ ਰੋਕ

0
8

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਵਰਕਾਮ ਦੀ ਮਾਲਕੀ ਵਾਲੀ ਕਿਸੇ ਵੀ ਜਾਇਦਾਦ ਨੂੰ ਤਬਦੀਲ ਕਰਨ ’ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਪੰਜਾਬ ਸਰਕਾਰ ਦੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਮੁਹਿੰਮ ਨੂੰ ਝਟਕਾ ਲੱਗਿਆ ਹੈ, ਜਦੋਂ ਕਿ ਪਾਵਰਕਾਮ ਦੀਆਂ ਮੁਲਾਜ਼ਮ ਧਿਰਾਂ ਨੇ ਇਸ ਫ਼ੈਸਲੇ ਨਾਲ ਰਾਹਤ ਮਹਿਸੂਸ ਕੀਤੀ ਹੈ।
ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਦੀਆਂ ਕੁਝ ਅਹਿਮ ਸੰਪਤੀਆਂ ਸ਼ਨਾਖ਼ਤ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਪਟਿਆਲਾ ਦੀ 50 ਏਕੜ ਦੀ ਬਡੂੰਗਰ ਸਾਈਟ ਨੂੰ ਪੁੱਡਾ ਨੂੰ ਤਬਦੀਲ ਵੀ ਕਰ ਦਿੱਤਾ ਗਿਆ ਸੀ। ਹਾਈ ਕੋਰਟ ਦੇ ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ ਵੱਲੋਂ ਪਾਵਰਕਾਮ ਦੀਆਂ ਸੰਪਤੀਆਂ ਵੇਚੇ ਜਾਣ ’ਤੇ ਰੋਕ ਲਗਾਉਣ ਲਈ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਣੀ ਹੈ। ਹਾਈ ਕੋਰਟ ਨੇ ਇਸ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਹਫ਼ਤਾ ਪਹਿਲਾਂ ਰਾਜਬੀਰ ਸਿੰਘ ਤਰਫ਼ੋਂ ਅਰਜ਼ੀ ਦਾਇਰ ਕਰਕੇ ਅਦਾਲਤ ਦੇ ਤੁਰੰਤ ਦਾਖਲ ਦੀ ਮੰਗ ਕਰਦਿਆਂ ਤਰਕ ਪੇਸ਼ ਕੀਤਾ ਸੀ ਕਿ ਪਾਵਰਕਾਮ ਨੇ ਪਟੀਸ਼ਨ ਦੇ ਦੌਰਾਨ ਹੀ ਬਡੂੰਗਰ ਸਾਈਟ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰ ਦਿੱਤੀ ਹੈ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਵੀਜ਼ਨ ਬੈਂਚ ਨੇ ਸ਼ੱਕਰਵਾਰ ਅਰਜ਼ੀ ’ਤੇ ਸੁਣਵਾਈ ਦੌਰਾਨ ਪਾਵਰਕਾਮ ਦੀ ਮਲਕੀਅਤ ਵਾਲੀਆਂ ਸੰਪਤੀਆਂ ਨੂੰ ਤਬਦੀਲ ਕਰਨ ’ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ।