ਫਰੀਦਾਬਾਦ : ਇੱਕ ਪਰਵਾਰ ਨੂੰ ਦੀਵਾਲੀ ਦੀ ਸਫਾਈ ਐਨੀ ਮਹਿੰਗੀ ਪਵੇਗੀ, ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਹ ਘਟਨਾ ਫਰੀਦਾਬਾਦ ਦੇ ਇੱਕ ਪਰਵਾਰ ਨਾਲ ਵਾਪਰੀ, ਜਿਨ੍ਹਾਂ ਨੇ ਚੋਰੀ ਤੋਂ ਬਚਣ ਲਈ ਆਪਣੇ ਸੋਨੇ ਦੇ ਗਹਿਣੇ ਇੱਕ ਡੱਬੇ ਵਿੱਚ ਰੱਖੇ ਸਨ, ਜਿਸ ਨੂੰ ਪਿਛਲੇ ਸਾਲ ਜਨਵਰੀ ਵਿੱਚ ਕੁੰਭ ਮੇਲੇ ਜਾਣ ਤੋਂ ਪਹਿਲਾਂ ਘਰ ਵਿੱਚ ਇੱਕ ਬੋਰੀ ਦੇ ਅੰਦਰ ਰੱਖ ਦਿੱਤਾ ਅਤੇ ਬਾਅਦ ਵਿੱਚ ਕਬਾੜ ਵਿੱਚ ਵੇਚ ਦਿੱਤਾ। ਅਸ਼ੋਕ ਸ਼ਰਮਾ ਦੇ ਅਨੁਸਾਰ ਉਨ੍ਹਾਂ ਦੇ ਪਰਵਾਰ ਨੇ ਚੋਰੀ ਤੋਂ ਬਚਣ ਲਈ ਆਪਣੇ ਸੋਨੇ ਦੇ ਗਹਿਣੇ ਇੱਕ ਡੱਬੇ ਵਿੱਚ ਰੱਖੇ ਸਨ, ਜਿਸ ਨੂੰ ਪਿਛਲੇ ਸਾਲ ਜਨਵਰੀ ਵਿੱਚ ਕੁੰਭ ਮੇਲੇ ਜਾਣ ਤੋਂ ਪਹਿਲਾਂ ਘਰ ਵਿੱਚ ਇੱਕ ਬੋਰੀ ਦੇ ਅੰਦਰ ਰੱਖ ਦਿੱਤਾ ਗਿਆ ਸੀ। ਦੀਵਾਲੀ ਦੀ ਸਫਾਈ ਦੌਰਾਨ ਬੋਰੀ ਨੂੰ ਗਲਤੀ ਨਾਲ ਕਬਾੜ ਸਮਝ ਕੇ ਇੱਕ ਕਬਾੜੀਏ ਨੂੰ ਵੇਚ ਦਿੱਤਾ ਗਿਆ, ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਗਹਿਣਿਆਂ ਦਾ ਡੱਬਾ ਗਲਤੀ ਨਾਲ ਕਬਾੜ ਦੇ ਨਾਲ ਵਿਕ ਗਿਆ ਸੀ।
ਜਦੋਂ ਪਰਵਾਰ ਨੇ ਕਬਾੜੀਏ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੂੰ ਤੁਰੰਤ ਗਹਿਣੇ ਨਹੀਂ ਮਿਲੇ ਅਤੇ ਉਹ ਨਿਰਾਸ਼ ਹੋ ਕੇ ਘਰ ਪਰਤ ਆਏ। ਕਰੀਬ ਚਾਰ ਮਹੀਨਿਆਂ ਬਾਅਦ ਕਬਾੜੀਏ ਹਾਜੀ ਅਖਤਰ ਖਾਨ, ਜਿਨ੍ਹਾ ਨੂੰ ‘ਖਾਨ ਸਾਹਿਬ’ ਵਜੋਂ ਜਾਣਿਆ ਜਾਂਦਾ ਹੈ, ਨੇ ਕਬਾੜ ਦੀ ਛਾਂਟੀ ਕਰਦੇ ਸਮੇਂ ਕਾਗਜ਼ ਵਿੱਚ ਲਪੇਟਿਆ ਸੋਨਾ ਲੱਭਿਆ। ਬਿਨਾਂ ਕਿਸੇ ਦੇਰੀ ਦੇ ਉਨ੍ਹਾ ਪੁਲਸ ਤੱਕ ਪਹੁੰਚ ਕੀਤੀ ਅਤੇ ਗਹਿਣਿਆਂ ਨੂੰ ਏ ਸੀ ਪੀ ਮਲਹੋਤਰਾ ਦੇ ਦਫ਼ਤਰ ਲਿਆਂਦਾ, ਜਿੱਥੇ ਇਹ ਅਸ਼ੋਕ ਸ਼ਰਮਾ ਨੂੰ ਵਾਪਸ ਕਰ ਦਿੱਤੇ ਗਏ। ਫਰੀਦਾਬਾਦ ਦੇ ਇੱਕ ਕਬਾੜੀਏ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਲਗਭਗ 15 ਲੱਖ ਰੁਪਏ ਦੀ ਕੀਮਤ ਦੇ 100 ਗ੍ਰਾਮ ਸੋਨੇ ਦੇ ਗਹਿਣੇ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ। ਵੀਰਵਾਰ ਨੂੰ ਏ ਸੀ ਪੀ ਬਲਬਗੜ੍ਹ ਜਿਤੇਸ਼ ਮਲਹੋਤਰਾ ਦੇ ਦਫ਼ਤਰ ਵਿੱਚ ਸੋਨਾ ਰਸਮੀ ਤੌਰ ’ਤੇ ਵਾਪਸ ਸੌਂਪਿਆ ਗਿਆ। ਖਾਨ ਨੇ ਕਿਹਾ, ‘ਸੋਨਾ ਮਿਲਣ ਤੋਂ ਬਾਅਦ ਮੈਂ ਇਸ ਨੂੰ ਸੁਨਿਆਰੇ ਤੋਂ ਚੈੱਕ ਕਰਵਾਇਆ। ਕਿਉਂਕਿ ਅਸ਼ੋਕ ਸ਼ਰਮਾ ਨੇ ਗਹਿਣਿਆਂ ਬਾਰੇ ਪੁੱਛਣ ਲਈ ਪਹਿਲਾਂ ਮੇਰੇ ਕੋਲ ਪਹੁੰਚ ਕੀਤੀ ਸੀ, ਇਸ ਲਈ ਮੈਂ ਮਹਿਸੂਸ ਕੀਤਾ ਕਿ ਇਹ ਸ਼ਰਮਾ ਨੂੰ ਵਾਪਸ ਕਰਨਾ ਮੇਰੀ ਜ਼ਿੰਮੇਵਾਰੀ ਹੈ। ਮੇਰੇ ਪੂਰੇ ਪਰਵਾਰ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਅਤੇ ਮੈਂ ਪੁਲਸ ਨੂੰ ਸੂਚਿਤ ਕੀਤਾ।’




