ਚੰਡੀਗੜ੍ਹ, (ਗੁਰਜੀਤ ਬਿੱਲਾ/ �ਿਸ਼ਨ ਗਰਗ)-ਪੰਜਾਬ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਸ਼ੱਕਰਵਾਰ ਮੁੰਬਈ ਵਿੱਚ ਪ੍ਰਮੁੱਖ ਉਦਯੋਗਪਤੀ ਸੱਜਣ ਜਿੰਦਲ ਚੇਅਰਮੈਨ ਜੇ ਐੱਸ ਡਬਲਯੂ ਗਰੁੱਪ ਨਾਲ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਇਨਵੈਸਟ ਦੇ ਸੀ ਈ ਓ ਅਮਿਤ ਢਾਕਾ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸੱਜਣ ਜਿੰਦਲ ਨੇ ਰਾਜਪੁਰਾ ਵਿੱਚ ਇਸਪਾਤ ਖੇਤਰ ਵਿੱਚ 1,500 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ। ਉਨ੍ਹਾ ਦੱਸਿਆ ਕਿ ਜੇ ਐੱਸ ਡਬਲਯੂ ਗਰੁੱਪ ਪੰਜਾਬ ਵਿੱਚ ਆਪਣੇ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਹੋਰ ਨਿਵੇਸ਼ ਦੇ ਮੌਕਿਆਂ ਦੀ ਜਾਂਚ ਕਰੇਗਾ। ਇਸ ਪ੍ਰਸਤਾਵਿਤ ਨਿਵੇਸ਼ ਨਾਲ ਰਾਜ ਦੀ ਉਤਪਾਦਨ ਸਮਰੱਥਾ ਮਜ਼ਬੂਤ ਹੋਵੇਗੀ, ਇਸਪਾਤ ਮੁੱਲ ਲੜੀ ਹੋਰ ਗਹਿਰੀ ਹੋਵੇਗੀ ਅਤੇ ਖੇਤਰ ਵਿੱਚ ਸਿੱਧੇ ਅਤੇ ਅਪਰੋਖ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ।
ਜਿੰਦਲ ਨੇ 13 ਮਾਰਚ ਨੂੰ ਪਲੱਕਸ਼ ਯੂਨੀਵਰਸਿਟੀ ਵਿੱਚ ਹੋਣ ਵਾਲੇ ਇਨਵੈਸਟ ਪੰਜਾਬ ਸਮਿਟ ਦੇ ਉਦਘਾਟਨੀ ਸੈਸ਼ਨ ਵਿੱਚ ਆਪਣੀ ਹਾਜ਼ਰੀ ਦੀ ਪੁਸ਼ਟੀ ਕੀਤੀ। ਉਨ੍ਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਉਦਯੋਗ-ਅਨੁਕੂਲ ਮਾਹੌਲ ਅਤੇ ਸਰਗਰਮ ਉਦਯੋਗਿਕ ਪਹੁੰਚ ਦੀ ਸਰਾਹਨਾ ਕੀਤੀ।
ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਉਤਰੀ ਬਾਜ਼ਾਰਾਂ ਨਾਲ ਸ਼ਾਨਦਾਰ ਕੁਨੈਕਟਿਵਿਟੀ, ਮਜ਼ਬੂਤ ਐੱਮ ਐੱਸ ਐੱਮ ਈ ਪ੍ਰਣਾਲੀ, ਕੁਸ਼ਲ ਮਨੁੱਖੀ ਸਰੋਤ ਅਤੇ ਇਸਪਾਤ, ਆਟੋ ਕੰਪੋਨੈਂਟਸ, ਟੈਕਸਟਾਈਲ, ਖੇਡ ਸਮਾਨ, ਫੂਡ ਪ੍ਰੋਸੈਸਿੰਗ ਅਤੇ ਲਾਈਟ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਵਿਕਸਤ ਉਦਯੋਗਿਕ ਕਲੱਸਟਰਾਂ ਨਾਲ ਸਜਿਆ ਹੋਇਆ ਹੈ। ਉਨ੍ਹਾਂ ਨੇ ਈਜ਼ ਆਫ ਡੂਇੰਗ ਬਿਜ਼ਨਸ ਸੁਧਾਰਾਂ ਵਿੱਚ ਪੰਜਾਬ ਨੂੰ ਲਗਾਤਾਰ ਟਾਪ ਅਚੀਵਰ ਦਾ ਦਰਜਾ ਮਿਲਣ ਅਤੇ ਸਮੇਂ-ਬੱਧ ਮਨਜ਼ੂਰੀਆਂ ਲਈ ਇਕਲ-ਖਿੜਕੀ ਪ੍ਰਣਾਲੀ ਦੀ ਵੀ ਚਰਚਾ ਕੀਤੀ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨਵੀਂ, ਮਜ਼ਬੂਤ ਅਤੇ ਭਵਿੱਖ-ਕੇਂਦਿ੍ਰਤ ਉਦਯੋਗਿਕ ਨੀਤੀ ਨੂੰ ਅੰਤਮ ਰੂਪ ਦੇਣ ਦੇ ਅਗਲੇ ਪੜਾਅ ਵਿੱਚ ਹੈ। ਇਹ ਨੀਤੀ ਪ੍ਰਤੀਯੋਗੀ ਵਿੱਤੀ ਪ੍ਰੋਤਸਾਹਨ, ਪਲਗ-ਐਂਡ-ਪਲੇ ਉਦਯੋਗਿਕ ਢਾਂਚਾ, ਖੇਤਰ-ਵਿਸ਼ੇਸ਼ ਪਾਰਕ, ਤੇਜ਼ ਮਨਜ਼ੂਰੀਆਂ, ਲਾਜਿਸਟਿਕ ਕੁਸ਼ਲਤਾ ਅਤੇ ਡਿਫੈਂਸ ਮੈਨੂਫੈਕਚਰਿੰਗ, ਇਲੈਕਟਿ੍ਰਕ ਮੋਬਿਲਿਟੀ, ਅਡਵਾਂਸਡ ਮੈਟੀਰੀਅਲ, ਨਵੀਨੀਕਰਨਯੋਗ ਊਰਜਾ ਅਤੇ ਹਾਈ-ਐਂਡ ਇੰਜੀਨੀਅਰਿੰਗ ਵਰਗੇ ਉਭਰਦੇ ਖੇਤਰਾਂ ਲਈ ਮਜ਼ਬੂਤ ਨੀਤੀ ਸਮਰਥਨ ਪ੍ਰਦਾਨ ਕਰੇਗੀ। ਮੁੱਲ-ਵੱਧਤ ਉਤਪਾਦਨ, ਨਿਰਯਾਤ ਵਾਧੇ ਅਤੇ ਪੰਜਾਬ ਦੇ ਯੁਵਕਾਂ ਲਈ ਵੱਡੇ ਪੱਧਰ ’ਤੇ ਰੋਜ਼ਗਾਰ ਸਿਰਜਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਜਿੰਦਲ ਨੇ ਪੰਜਾਬ ਸਰਕਾਰ ਦੀ ਸਰਗਰਮ ਅਤੇ ਉਦਯੋਗ-ਮਿੱਤਰ ਨੀਤੀਆਂ ਦੀ ਪ੍ਰਸੰਸਾ ਕਰਦੇ ਹੋਏ ਮੰਤਰੀ ਸੰਜੀਵ ਅਰੋੜਾ ਦੇ ਰਾਜ ਵਿੱਚ ਨਵੇਂ ਨਿਵੇਸ਼ ਆਕਰਸ਼ਿਤ ਕਰਨ ਲਈ ਕੀਤੇ ਜਾ ਰਹੇ ਅਣਥਕ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾ ਡਿਫੈਂਸ ਮੈਨੂਫੈਕਚਰਿੰਗ, ਆਟੋਮੋਬਾਈਲ ਖੇਤਰ ਅਤੇ ਨਵੀਨੀਕਰਨਯੋਗ ਊਰਜਾ ਪ੍ਰੋਜੈਕਟਾਂ ਵਿੱਚ ਰੁਚੀ ਜਤਾਈ।ਸੰਜੀਵ ਅਰੋੜਾ ਨੇ ਸਰਕਾਰ ਦੀ ਉਦਯੋਗਾਂ ਪ੍ਰਤੀ ਵਚਨਬੱਧਤਾ ਦੁਹਰਾਉਦੇ ਹੋਏ ਪ੍ਰਸਤਾਵਿਤ ਜੇ ਐੱਸ ਡਬਲਯੂ ਪ੍ਰੋਜੈਕਟਾਂ ਲਈ ਪੂਰਾ ਸਹਿਯੋਗ, ਮਾਰਗ-ਦਰਸ਼ਨ ਅਤੇ ਤੁਰੰਤ ਮਨਜ਼ੂਰੀਆਂ ਦਾ ਭਰੋਸਾ ਦਿੱਤਾ। ਉਨ੍ਹਾ ਕਿਹਾ ਕਿ ਪੰਜਾਬ ਉਦਯੋਗਾਂ ਦੀ ਸਥਾਪਨਾ ਅਤੇ ਵਿਸਥਾਰ ਲਈ ਭਰੋਸੇਯੋਗ ਬਿਜਲੀ ਸਪਲਾਈ, ਸੁਧਰੇ ਹੋਏ ਲਾਜਿਸਟਿਕ ਢਾਂਚੇ ਅਤੇ ਸੰਵੇਦਨਸ਼ੀਲ ਪ੍ਰਸ਼ਾਸਨਿਕ ਪ੍ਰਣਾਲੀ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।
ਇਹ ਮੀਟਿੰਗ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026 ਤੋਂ ਪਹਿਲਾਂ ਸਮਾਵੇਸ਼ੀ ਵਿਕਾਸ, ਉਦਯੋਗਿਕ ਵਿਭਿੰਨਤਾ ਅਤੇ ਰੁਜ਼ਗਾਰ ਸਿਰਜਣ ਦੇ ਵਿਜ਼ਨ ਅਨੁਸਾਰ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਪ੍ਰਤੀਯੋਗੀ ਨਿਵੇਸ਼ ਗੰਤੀਵਿਆਂ ਵਿੱਚ ਸ਼ਾਮਲ ਕਰਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।


