ਫਰੀਦਾਬਾਦ : ਨੂੰਹ ਹਿੰਸਾ ਦਾ ਮੁਲਜ਼ਮ ਬਿੱਟੂ ਬਜਰੰਗੀ ਉਰਫ ਰਾਜ ਕੁਮਾਰ ਵਿਆਹ ਕਰਾਉਣ ਲਈ ਬਰਾਤ ਲੈ ਕੇ ਅਲੀਗੜ੍ਹ ਦੇ ਮੰਦਰ ਪੁੱਜਾ, ਪਰ ਉੱਥੇ ਨਾ ਲਾੜੀ ਲੱਭੀ ਤੇ ਨਾ ਵਿਚੋਲਾ। ਬਜਰੰਗੀ ਨੇ ਪੁਲਸ ਕੋਲ ਲਿਖਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ ਗੁਆਂਢੀ ਦੇ ਇੱਕ ਰਿਸ਼ਤੇਦਾਰ ਬੰਟੀ ਨਾਲ ਜਾਣ-ਪਛਾਣ ਸੀ। ਉਸ ਨੇ ਉਸ ਕੋਲ ਵਿਆਹ ਦੀ ਇੱਛਾ ਪ੍ਰਗਟਾਈ। ਬੰਟੀ ਨੇ ਉਸ ਨੂੰ ਅਲੀਗੜ੍ਹ ਦੀ ਰਾਣੀ ਨਾਲ ਮਿਲਵਾਇਆ। ਪਿਛਲੇ ਸਾਲ ਪੰਜ ਸਤੰਬਰ ਨੂੰ ਬੰਟੀ ਨੇ ਤਿੰਨ ਹਜ਼ਾਰ ਰੁਪਏ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾਏ। ਉਸੇ ਰਾਤ ਕਰੀਬ 9 ਵਜੇ ਕੁੜੀ ਦੇ ਪਰਵਾਰ ਦੇ ਛੇ ਜਣੇ ਗੱਡੀਆਂ ਵਿੱਚ ਬੈਠ ਕੇ ਫਰੀਦਾਬਾਦ ਉਸ ਦੇ ਘਰ ਆਏ। ਵਿਆਹ ਤੈਅ ਹੋ ਗਿਆ। ਬੰਟੀ ਤੇ ਉਸ ਦੇ ਦੋਸਤ ਪ੍ਰਦੀਪ ਨੇ ਲਾੜੀ ਦੇ ਕੱਪੜਿਆਂ ਲਈ 6 ਫਰਵਰੀ ਨੂੰ 30 ਹਜ਼ਾਰ ਰੁਪਏ ਹੋਰ ਲਏ। ਜਦੋਂ ਉਹ 7 ਫਰਵਰੀ ਨੂੰ ਬਰਾਤ ਲੈ ਕੇ ਅਲੀਗੜ੍ਹ ਦੇ ਮੰਦਰ ਪੁੱਜਾ ਤਾਂ ਉੱਥੇ ਕੋਈ ਨਹੀਂ ਮਿਲਿਆ। ਉਸ ਦਾ ਕਿਸੇ ਨੇ ਫੋਨ ਵੀ ਨਹੀਂ ਚੁੱਕਿਆ। ਬਜਰੰਗੀ ਫਰੀਦਾਬਾਦ ਦੀ ਪਾਰਵਤੀ ਕਾਲੋਨੀ ਵਿੱਚ ਰਹਿੰਦਾ ਹੈ ਤੇ ਉਸ ਨੇ ਗੋਰਕਸ਼ਾ ਬਜਰੰਗ ਫੋਰਸ ਬਣਾਈ ਹੋਈ ਹੈ। ਉਸ ਖਿਲਾਫ ਕਈ ਕੇਸ ਦਰਜ ਹਨ। ਉਹ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਵੀ ਨਜ਼ਰ ਆਉਦਾ ਹੈ।




