ਪੰਜਾਬ ਐੱਫ ਡੀ ਆਈ ਰੈਂਕਿੰਗ ’ਚ 11ਵੇਂ ਸਥਾਨ ’ਤੇ ਪਹੁੰਚਿਆ : ਬਲਤੇਜ ਪਨੂੰ

0
5

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਬਿਹਤਰੀਨ ਵਪਾਰਕ ਨੀਤੀਆਂ ਸਦਕਾ ਪੰਜਾਬ ਨੇ ਨਿਵੇਸ਼ ਦੇ ਮਾਮਲੇ ਵਿੱਚ ਵੱਡੀ ਛਲਾਂਗ ਲਗਾਈ ਹੈ। ਇਹ ਪੰਜਾਬ ਅਤੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸੂਬੇ ਵਿੱਚ ‘ਫੌਰਨ ਡਾਇਰੈਕਟ ਇਨਵੈਸਟਮੈਂਟ’ (ਐਫ ਡੀ ਆਈ) ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ।ਪੰਨੂ ਨੇ ਕਿਹਾ ਕਿ ਇਹ ਸੁਰੱਖਿਅਤ ਉਦਯੋਗਿਕ ਮਾਹੌਲ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਨੈਸ਼ਨਲ ਰੈਂਕਿੰਗ ਵਿੱਚ 14ਵੇਂ ਸਥਾਨ ਤੋਂ 11ਵੇਂ ਸਥਾਨ ’ਤੇ ਆ ਕੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੁਨੀਆ ਦੀਆਂ ਨਾਮੀ ਮਲਟੀਨੈਸ਼ਨਲ ਕੰਪਨੀਆਂ ਹੁਣ ਪੰਜਾਬ ਨੂੰ ਆਪਣੀ ਪਹਿਲੀ ਪਸੰਦ ਬਣਾ ਰਹੀਆਂ ਹਨ।ਨਿਵੇਸ਼ ਦੇ ਤੁਲਨਾਤਮਕ ਅੰਕੜੇ ਸਾਂਝੇ ਕਰਦਿਆਂ ਪੰਨੂ ਨੇ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ (ਫਰਵਰੀ 2026) ਦੇ ਸਮੇਂ ਦੌਰਾਨ ਪੰਜਾਬ ਨੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਇਸ ਸਮੇਂ ਦੌਰਾਨ ਸੂਬੇ ਵਿੱਚ ਸਾਲਾਨਾ ਔਸਤਨ 40,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਮਾਨ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਵਿੱਚ ਕੁੱਲ 1 ਲੱਖ 34 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਪਿਛਲੀਆਂ ਸਰਕਾਰਾਂ ਦੀ ਨਾਕਾਮੀ ’ਤੇ ਨਿਸ਼ਾਨਾ ਸਾਧਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਤੇ ਚੰਨੀ ਸਰਕਾਰ ਦੇ ਸਮੇਂ ਸਾਲਾਨਾ ਨਿਵੇਸ਼ ਕੇਵਲ 23 ਹਜ਼ਾਰ ਕਰੋੜ ਰੁਪਏ ਤੱਕ ਸੀਮਤ ਸੀ ਅਤੇ ਉਨ੍ਹਾਂ ਦੇ ਪੂਰੇ 5 ਸਾਲਾਂ ਦੇ ਕਾਰਜਕਾਲ ਵਿੱਚ ਕੁੱਲ 1 ਲੱਖ 17 ਹਜ਼ਾਰ ਕਰੋੜ ਰੁਪਏ ਦਾ ਹੀ ਨਿਵੇਸ਼ ਹੋ ਸਕਿਆ ਸੀ। ਉੱਥੇ ਹੀ, ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹਾਲਾਤ ਹੋਰ ਵੀ ਮਾੜੇ ਸਨ, ਜਿੱਥੇ ਸਾਲਾਨਾ ਨਿਵੇਸ਼ ਮਹਿਜ਼ 6,600 ਕਰੋੜ ਰੁਪਏ ਸੀ ਅਤੇ 5 ਸਾਲਾਂ ਵਿੱਚ ਕੁੱਲ 32,999 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।