ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਗਿਆ। ਪੰਜਾਬੀ ਮਾਤ-ਭਾਸ਼ਾ ਮੇਲੇ ਦੀ ਪ੍ਰਧਾਨਗੀ ਲੁਧਿਆਣਾ ਦੇ ਮੇਅਰ ਇੰਦਰਜੀਤ ਕੌਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਟਿੱਕਾ ਸ਼ਾਮਲ ਹੋਏ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਸੁਆਗਤ ਕਰਦਿਆਂ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਪੱਛਮੀ ਬੰਗਾਲ ਦੇ ਲੋਕਾਂ ਵਾਂਗ ਆਪਣੀ ਮਾਤ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾ ਕੇ ਮਾਤ-ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਆਪਣੀ ਮਜਬੂਰੀ ਜ਼ਾਹਰ ਕਰਦਿਆਂ ਕਿਹਾ ਕਿ ਅਕਾਦਮੀ ਲਈ 10 ਲੱਖ ਦੀ ਗਰਾਂਟ ਮੈਂ ਜਲਦੀ ਭੇਜਾਂਗਾ। ਇੰਦਰਜੀਤ ਕੌਰ ਮੇਅਰ ਲੁਧਿਆਣਾ ਨੇ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਭਵਨ ਮੈਂ ਭਾਵੇਂ ਬਾਰ-ਬਾਰ ਆਉਦੀ ਹਾਂ, ਜਦੋਂ ਵੀ ਆਉਦੀ ਹਾਂ, ਮੈਨੂੰ ਬੜੀ ਖੁਸ਼ੀ ਹੁੰਦੀ ਹੈ।
ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਅਕਾਦਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ। ਸਨਮਾਨ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਫੁਲਕਾਰੀ, ਸ਼ੋਭਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਲ ਸੀ।
ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਹਰ ਮਾਂ ਬੋਲੀ ਦੀ ਤਰ੍ਹਾਂ ਮੁੱਢਲੀ ਮਹੱਤਤਾ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਪੰਜਾਬੀ ਕਹਾਣੀ ਸਿਰਜਣ, ਕਾਵਿ-ਸਿਰਜਣ, ਪੰਜਾਬੀ ਲੋਕ ਗੀਤ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ, ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲਿਆਂ ਵਿਚ ਹਿੱਸਾ ਲਿਆ। ਵੱਖ-ਵੱਖ ਮੁਕਾਬਲਿਆਂ ਲਈ ਜਤਿੰਦਰ ਹਾਂਸ, ਸੁਰਿੰਦਰ ਕੈਲੇ, ਇੰਦਰਜੀਤ ਪਾਲ ਕੌਰ, ਜਗਵਿੰਦਰ ਜੋਧਾ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਡਾ. ਗੁਰਇਕਬਾਲ ਸਿੰਘ, ਕੁਲਵਿੰਦਰ ਕਿਰਨ, ਜਸਵਿੰਦਰ ਧਨਾਨਸੂ, ਡਾ. ਹਰੀ ਸਿੰਘ ਜਾਚਕ, ਰਣਧੀਰ ਕੰਵਲ, ਮਨਪ੍ਰੀਤ ਕੌਰ ਭੰਮਰਾ, ਜਸਵੀਰ ਝੱਜ, ਰਵਿੰਦਰ ਰਵੀ, ਪਾਲੀ ਖ਼ਾਦਿਮ, ਪ੍ਰਭਜੋਤ ਸੋਹੀ, ਡਾ. ਪਰਮਜੀਤ ਸਿੰਘ ਸੋਹਲ, ਸੁਰਿੰਦਰ ਰਾਮਪੁਰੀ, ਰਾਜਦੀਪ ਤੂਰ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ ਨੇ ਨਿਰਣਾਇਕਾਂ ਵਜੋਂ ਭੂਮਿਕਾ ਨਿਭਾਈ। ਸਮੁੱਚੇ ਇਕੱਠ ਨੂੰ ਮਾਤ ਭਾਸ਼ਾ ਸਹੁੰ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਚੁਕਾਈ।





