ਭਾਰਤ ਤੇ ਬ੍ਰਾਜ਼ੀਲ ਦੁਵੱਲਾ ਵਪਾਰ 20 ਅਰਬ ਡਾਲਰ ਤੱਕ ਲੈ ਕੇ ਜਾਣਗੇ

0
2

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਐਲਾਨ ਕੀਤਾ ਕਿ ਭਾਰਤ ਅਤੇ ਬ੍ਰਾਜ਼ੀਲ ਨੇ ਅਗਲੇ ਪੰਜ ਸਾਲਾਂ ਵਿੱਚ ਆਪਣੇ ਦੁਵੱਲੇ ਵਪਾਰ ਨੂੰ 20 ਅਰਬ ਡਾਲਰ ਤੋਂ ਪਾਰ ਲਿਜਾਣ ਦਾ ਟੀਚਾ ਮਿੱਥਿਆ ਹੈ। ਇਹ ਫੈਸਲਾ ਭਾਰਤ ਦੌਰੇ ’ਤੇ ਆਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡੀ ਸਿਲਵਾ ਨਾਲ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਇਸ ਮੀਟਿੰਗ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਤਕਨਾਲੋਜੀ, ਊਰਜਾ, ਰੱਖਿਆ ਅਤੇ ਖੇਤੀਬਾੜੀ ਖੇਤਰਾਂ ਵਿੱਚ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਾਤੀਨੀ ਅਮਰੀਕਾ ਵਿੱਚ ਬ੍ਰਾਜ਼ੀਲ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਉਨ੍ਹਾ ਕਿਹਾ ਕਿ ਇਹ ਆਰਥਿਕ ਰਿਸ਼ਤਾ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਇਹ ਦੋਵਾਂ ਦੇਸ਼ਾਂ ਦੇ ਆਪਸੀ ਭਰੋਸੇ ਦਾ ਪ੍ਰਤੀਕ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ‘ਏ ਆਈ ਇੰਪੈਕਟ ਸਮਿਟ’ ਵਿੱਚ ਹਿੱਸਾ ਲੈਣ ਅਤੇ ਹੋਰ ਦੁਵੱਲੇ ਸਮਝੌਤਿਆਂ ਲਈ ਭਾਰਤ ਆਏ ਹੋਏ ਹਨ। ਦੋਵੇਂ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ (ਆਈ ਏ), ਸੈਮੀਕੰਡਕਟਰ, ਸੁਪਰ ਕੰਪਿਊਟਿੰਗ ਅਤੇ ਬਲਾਕਚੇਨ ਤਕਨਾਲੋਜੀਆਂ ਵਿੱਚ ਵੀ ਸਹਿਯੋਗ ਵਧਾਉਣਗੇ।