ਸਮਾਜਕ ਤਬਦੀਲੀ ਤੇ ਮਾਨਵਤਾ ਨੂੰ ਸਮਰਪਤ ਸੀ ਹਰਜਿੰਦਰ ਸਿੰਘ ਕੱਲ੍ਹਾ : ਆਸਲ

0
4

ਸ਼ਾਹਕੋਟ (ਗਿਆਨ ਸੈਦਪੁਰੀ)
ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਨਿੱਜ ਤੋਂ ਉਪਰ ਉਠ ਕੇ ਸਮਾਜਕ ਤਬਦੀਲੀ ਅਤੇ ਮਾਨਵਤਾ ਦੀ ਰਾਖੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹਨ। ਅਜਿਹਾ ਹੀ ਮਨੁੱਖ ਸੀ ਹਰਜਿੰਦਰ ਸਿੰਘ ਕੱਲ੍ਹਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਸਕੱਤਰ ਏਟਕ ਅਮਰਜੀਤ ਸਿੰਘ ਆਸਲ ਨੇ ਕੀਤਾ। ਉਹ ਤਰਨ ਤਾਰਨ ਦੇ ਪਿੰਡ ਕੱਲ੍ਹਾ ਵਿਖੇ ਹਰਜਿੰਦਰ ਸਿੰਘ ਕੱਲ੍ਹਾ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਹਰਜਿੰਦਰ ਸਿੰਘ ਬਾਵਾ ਸ਼ੂਅ ਫੈਕਟਰੀ ਦੇ ਮਜ਼ਦੂਰ ਯੂਨੀਅਨ ਦਾ ਨਿਧੜਕ ਆਗੂ ਸੀ। ਉਹ ਮਾਲਕਾਂ ਵੱਲੋਂ ਮਜ਼ਦੂਰਾਂ ਨਾਲ ਕੀਤੇ ਜਾਂਦੇ ਧੱਕੇ ਵਿਰੁੱਧ ਬੇਖੌਫ ਹੋ ਕੇ ਲੜਦਾ ਸੀ। 19-20 ਸਾਲ ਦੀ ਉਮਰ ਵਿੱਚ ਉਸ ਨੇ ਫੈਕਟਰੀ ਮਾਲਕਾਂ ਦੇ ਧੱਕੇ ਵਿਰੁੱਧ ਮਰਨ ਵਰਤ ਰੱਖਿਆ ਸੀ। ਮਰਨ ਵਰਤ ਦੇ 29 ਦਿਨਾਂ ਬਾਅਦ ਫੈਕਟਰੀ ਮਾਲਕਾਂ ਨੂੰ ਝੁਕਣਾ ਪਿਆ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਵਾ ਕੇ ਹਰਜਿੰਦਰ ਸਿੰਘ ਆਪਣੇ ਲੋਕਾਂ ਦਾ ਹੀਰੋ ਬਣ ਕੇ ਉਭਰਿਆ। ਪਿਛਲੇ ਦਿਨੀਂ ਉਸ ਦਾ ਦੇਹਾਂਤ ਹੋ ਗਿਆ ਸੀ।
ਹਰਜਿੰਦਰ ਸਿੰਘ ਕੱਲ੍ਹਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਮਜ਼ਦੂਰਾਂ ਦੇ ਹੱਕਾਂ ਦੇ ਸੰਘਰਸ਼ ’ਚ ਉਸ ਦੇ ਮੋਹਰੀ ਰੋਲ ਨੂੰ ਯਾਦ ਕੀਤਾ। ਉਹਨਾ ਕਿਹਾ ਕਿ ਹਰਜਿੰਦਰ ਸਿੰਘ ਕੱਲ੍ਹਾ ਦੇ ਸਿਦਕੀ ਤੇ ਸਿਰੜੀ ਸੁਭਾਅ ਨੂੰ ਯਾਦ ਕਰਕੇ ਉਸ ਦੇ ਸੰਗੀ ਫਖਰ ਮਹਿਸੂਸ ਕਰਦੇ ਹਨ।ਉਸ ਆਪਾ-ਵਾਰੂ ਮਨੁੱਖ ਦੇ ਤੁਰ ਜਾਣ ਦਾ ਮਜ਼ਦੂਰ ਵਰਗ ਨੂੰ ਬਹੁਤ ਘਾਟਾ ਪਿਆ ਹੈ। ਅੱਜ ਉਸ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਸ ਨੂੰ ਮਨਾਂ ਵਿੱਚ ਵਸਾ ਕੇ ਉਸ ਵਰਗਾ ਬਣੀਏ। ਪਿੰਡ ਦੇ ਸਰਪੰਚ ਬਲਦੇਵ ਸਿੰਘ ਨੇ ਹਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਮੇਰਾ ਵਿਦਿਆਰਥੀ ਵੀ ਰਿਹਾ ਹੈ ਤੇ ਗਵਾਂਢੀ ਵੀ। ਇੱਕ ਟਰਮ ਵਿੱਚ ਉਹ ਮੇਰੇ ਨਾਲ ਪਿੰਡ ਦਾ ਪੰਚ ਵੀ ਚੁਣਿਆ ਗਿਆ ਸੀ। ਸ਼ਰਧਾਂਜਲੀ ਸਮਾਗਮ ਵਿੱਚ ਸਟੇਜ ਸਕੱਤਰ ਦੇ ਫਰਜ਼ ਪੰਜਾਬ ਖੇਤ ਮਜਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਨਿਭਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਵੈਰੋਵਾਲ ਤੇ ਸਤਨਾਮ ਸਿੰਘ ਕੱਲ੍ਹਾ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।