ਭੁਬਨੇਸ਼ਵਰ : ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਵਿੱਚ ਨਿੱਜੀ ਸਕੂਲ ਦੇ ਪੰਜ ਅਧਿਆਪਕਾਂ ਨੂੰ 13 ਸਾਲਾ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਇਹ ਗਿ੍ਰਫਤਾਰੀਆਂ ਸ਼ਨੀਵਾਰ ਕੀਤੀਆਂ ਗਈਆਂ ਜਦੋਂ ਸੱਤਵੀਂ ਜਮਾਤ ਦੀ ਵਿਦਿਆਰਥਣ ਦੇ ਪਿਤਾ ਅਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਰਾਜਕਨਿਕਾ ਪੁਲਸ ਸਟੇਸ਼ਨ ਵਿੱਚ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ। ਕੁੜੀ ਨੇ ਦੋਸ਼ ਲਾਇਆ ਕਿ ਇਹ ਅਧਿਆਪਕ ਲੰਬੇ ਸਮੇਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ, ਜਿਸ ਤੋਂ ਬਾਅਦ ਮਾਪਿਆਂ ਨੇ ਬਾਲ ਭਲਾਈ ਕਮੇਟੀ ਤੱਕ ਪਹੁੰਚ ਕੀਤੀ।
ਬੰਗਲਾਦੇਸ਼ੀਆਂ ਸਣੇ 8 ਸ਼ੱਕੀ ਫੜੇ
ਨਵੀਂ ਦਿੱਲੀ : ਕੇਂਦਰੀ ਖੁਫੀਆ ਏਜੰਸੀਆਂ ਅਤੇ ਪੁਲਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਦਿੱਲੀ ਵਿੱਚ ਵੱਡੀ ਅੱਤਵਾਦੀ ਘਟਨਾ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅੱਠ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਛੇ ਮੁਲਜ਼ਮਾਂ ਨੂੰ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਤੋਂ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਬੰਗਲਾਦੇਸ਼ੀ ਨਾਗਰਿਕ ਦੱਸੇ ਜਾ ਰਹੇ ਹਨ।
ਸੂਤਰਾਂ ਅਨੁਸਾਰ ਇਹ ਮੋਡਿਊਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਅਤੇ ਲਸ਼ਕਰ-ਏ-ਤੌਈਬਾ ਦੇ ਇਸ਼ਾਰੇ ’ਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਅਤੇ ਲਾਲ ਕਿਲ੍ਹੇ ਵਰਗੇ ਇਤਿਹਾਸਕ ਸਥਾਨਾਂ ’ਤੇ ਵਿਸਫੋਟਕ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ।
ਮੁਲਜ਼ਮਾਂ ਕੋਲੋਂ ਦਰਜਨਾਂ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਖੁਫੀਆ ਏਜੰਸੀਆਂ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ ਕਿ ਅੱਤਵਾਦੀ ਸਮੂਹ 6 ਫਰਵਰੀ ਨੂੰ ਇਸਲਾਮਾਬਾਦ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਦਾ ਬਦਲਾ ਲੈਣ ਦੀ ਫਿਰਾਕ ਵਿੱਚ ਹਨ।
ਅੱਗ ਬੁਝਾਉਣ ਵੇਲੇ ਸਿਲੰਡਰ ਫਟਿਆ, 13 ਜ਼ਖਮੀ
ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਮਜਲਿਸ ਪਾਰਕ ਵਿੱਚ ਘਰ ਨੂੰ ਲੱਗੀ ਅੱਗ ਬੁਝਾਉਣ ਦੌਰਾਨ ਸਿਲੰਡਰ ਫਟਣ ਕਾਰਨ 13 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 6 ਪੁਲਸ ਅਤੇ ਫਾਇਰ ਬਿ੍ਰਗੇਡ ਕਰਮਚਾਰੀ ਵੀ ਹਨ। ਇਹ ਸਵੇਰੇ ਕਰੀਬ 9 ਵਜੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਲਿਵ-ਇਨ ਪਾਰਟਨਰ ਹੋਈ ਬੇਰਹਿਮੀ ਦਾ ਸ਼ਿਕਾਰ
ਗੁਰੂਗ੍ਰਾਮ : ਇੱਥੇ 19 ਸਾਲਾ ਮੁਟਿਆਰ ਆਪਣੇ ਲਿਵ-ਇਨ ਪਾਰਟਨਰ ਦੀ ਬੇਰਹਿਮੀ ਦਾ ਸ਼ਿਕਾਰ ਹੋ ਕੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਹੈ। ਦਰਅਸਲ ਤਿ੍ਰਪੁਰਾ ਦੀ ਰਹਿਣ ਵਾਲੀ ਪੀੜਤਾ ਨੇ ਗੁਰੂਗ੍ਰਾਮ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਮੁਲਜ਼ਮ ਸ਼ਿਵਮ ਨਾਲ ਬਿਨਾਂ ਵਿਆਹ ਕਰਾਏ ਰਹਿ ਰਹੀ ਸੀ। ਜਦੋਂ ਉਸ ਨੇ ਵਿਆਹ ਲਈ ਸ਼ਿਵਮ ਨੂੰ ਕਿਹਾ ਤਾਂ ਮੁਲਜ਼ਮ ਨੇ ਉਸ ਦੇ ਗੁਪਤ ਅੰਗਾਂ ’ਤੇ ਸੈਨੀਟਾਈਜ਼ਰ ਪਾ ਕੇ ਅੱਗ ਲਗਾ ਦਿੱਤੀ ਅਤੇ ਫਿਰ ਉਸ ਦੇ ਸਿਰ ’ਤੇ ਧਾਤ ਦੀ ਬੋਤਲ ਨਾਲ ਵਾਰ ਕੀਤਾ ਤੇ ਫਿਰ ਫਰਨੀਚਰ ਵਿੱਚ ਜਾ ਮਾਰਿਆ। ਇਸ ਤੋਂ ਬਾਅਦ ਵੀ ਸ਼ਿਵਮ ਨੇ ਚਾਕੂ ਨਾਲ ਹਮਲਾ ਕੀਤਾ। ਪੀੜਤਾ, ਜੋ ਕਿ ਬਾਇਓਟੈਕਨਾਲੋਜੀ ਦੀ ਵਿਦਿਆਰਥਣ ਹੈ, 19 ਫਰਵਰੀ ਨੂੰ ਵਿਆਹ ਦੀਆਂ ਗੱਲਾਂ ’ਤੇ ਹੋਈ ਬਹਿਸ ਤੋਂ ਬਾਅਦ ਹਮਲੇ ਦਾ ਸ਼ਿਕਾਰ ਹੋਈ। ਪੁਲਸ ਅਨੁਸਾਰ, ਇਹ ਦੋਵੇਂ ਸਤੰਬਰ 2025 ਵਿੱਚ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਮਿਲੇ ਸਨ ਅਤੇ ਸੈਕਟਰ 69 ਵਿੱਚ ਇਕੱਠੇ ਰਹਿ ਰਹੇ ਸਨ। ਡੀ ਸੀ ਪੀ ਹਿਤੇਸ਼ ਯਾਦਵ ਨੇ ਦੱਸਿਆ ਕਿ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤਾ ਦੀ ਮਾਂ ਨੇ ਪੁਲਸ ਨੂੰ ਸੂਚਿਤ ਕੀਤਾ।

