ਚੰਡੀਗੜ੍ਹ ’ਚ ਵਧਦੇ ਵਾਹਨ, ਵਧਦੇ ਹਾਦਸੇ

0
12

ਚੰਡੀਗੜ੍ਹ : ਸ਼ਹਿਰ ਵਿੱਚ ਜਿੱਥੇ ਵਾਹਨਾਂ ਦੀ ਗਿਣਤੀ ਇਨਸਾਨਾਂ ਦੀ ਆਬਾਦੀ ਨਾਲੋਂ ਵਧ ਗਈ ਹੈ, ਉੱਥੇ ਸੜਕ ਹਾਦਸੇ ਵੀ ਵੱਡੀ ਚੁਣੌਤੀ ਬਣ ਗਏ ਹਨ। ਸਰਕਾਰੀ ਅੰਕੜਿਆਂ ਅਨੁਸਾਰ 2021 ਤੋਂ 2025 ਦੇ ਦਰਮਿਆਨ ਚੰਡੀਗੜ੍ਹ ਵਿੱਚ ਕੁੱਲ 987 ਹਾਦਸੇ ਹੋਏ, ਜਿਨ੍ਹਾਂ ਵਿੱਚ 407 ਲੋਕਾਂ ਦੀ ਜਾਨ ਗਈ ਤੇ 836 ਲੋਕ ਜ਼ਖਮੀ ਹੋਏ। ਔਸਤਨ ਹਰ ਦੋ ਦਿਨਾਂ ਵਿੱਚ ਇੱਕ ਹਾਦਸਾ, ਹਰ ਚਾਰ ਦਿਨਾਂ ਵਿੱਚ ਇੱਕ ਮੌਤ ਅਤੇ ਹਰ ਦੋ ਦਿਨਾਂ ਵਿੱਚ ਇੱਕ ਵਿਅਕਤੀ ਜ਼ਖਮੀ ਹੁੰਦਾ ਹੈ। ਚੰਡੀਗੜ੍ਹ ਦੀ ਆਬਾਦੀ ਲੱਗਭੱਗ 12.5 ਲੱਖ ਹੈ, ਜਦਕਿ ਰਜਿਸਟਰਡ ਵਾਹਨ 14.27 ਲੱਖ ਹਨ। ਜਿਸ ਮੁਤਾਬਕ ਘਣਤਾ 1,142 ਵਾਹਨ ਪ੍ਰਤੀ 1,000 ਨਿਵਾਸੀ (ਰਾਸ਼ਟਰੀ ਔਸਤ 280 ਤੋਂ ਚਾਰ ਗੁਣਾ ਵੱਧ)। ਇਸ ਤੋਂ ਇਲਾਵਾ ਹਰ ਰੋਜ਼ 104 ਨਵੇਂ ਵਾਹਨ ਸੜਕਾਂ ’ਤੇ ਉਤਰਦੇ ਹਨ। 2022 ਵਿੱਚ ਹਾਦਸੇ ਸਿਖਰ ’ਤੇ ਸਨ (237 ਹਾਦਸੇ), ਜਿਸ ਤੋਂ ਬਾਅਦ 2023 ਅਤੇ 2024 ਵਿੱਚ ਗਿਣਤੀ ਘਟ ਗਈ, ਪਰ 2025 ਵਿੱਚ ਇਹ ਅੰਕੜੇ ਫਿਰ ਵਧ ਗਏ। ਘਾਤਕ ਹਾਦਸਿਆਂ ਵਿੱਚ 15.3 ਫੀਸਦੀ ਦਾ ਵਾਧਾ ਹੋਇਆ। ਮੌਤਾਂ ਦੀ ਗਿਣਤੀ ਵਧ ਕੇ 86 ਹੋ ਗਈ ਅਤੇ ਕੁੱਲ ਹਾਦਸੇ 191 ਤੱਕ ਪਹੁੰਚ ਗਏ।
ਮੰਤਰਾਲੇ ਦੇ ਨਿਯਮਾਂ ਅਨੁਸਾਰ ਉਹ 500 ਮੀਟਰ ਦਾ ਹਿੱਸਾ ਜਿੱਥੇ ਲਗਾਤਾਰ ਤਿੰਨ ਸਾਲਾਂ ਵਿੱਚ 5 ਜਾਂ ਵੱਧ ਹਾਦਸੇ ਜਾਂ 10 ਮੌਤਾਂ ਹੋਣ, ਉਸ ਨੂੰ ‘ਬਲੈਕ ਸਪਾਟ’ ਮੰਨਿਆ ਜਾਂਦਾ ਹੈ। ਚੰਡੀਗੜ੍ਹ ਵਿੱਚ ਅਜਿਹੇ 4 ਮੁੱਖ ਪੁਆਇੰਟ ਹਨ। ਇਨ੍ਹਾਂ ਵਿੱਚ ਹੱਲੋਮਾਜਰਾ-ਪੋਲਟਰੀ ਫਾਰਮ ਚੌਕ (ਐੱਨ ਐੱਚ-05) : ਸਭ ਤੋਂ ਖਤਰਨਾਕ (9 ਹਾਦਸੇ, 9 ਮੌਤਾਂ)। ਕਲਾਗ੍ਰਾਮ (ਮੱਧ ਮਾਰਗ) ਵਿੱਚ 5 ਮੌਤਾਂ, ਹਾਊਸਿੰਗ ਬੋਰਡ ਲਾਈਟ ਪੁਆਇੰਟ ਦਾ ਅੰਕੜਾ 5 ਮੌਤਾਂ ਦਾ ਹੈ ਅਤੇ ਮਿਲਕ ਕਲੋਨੀ (ਧਨਾਸ) ਲਾਈਟ ਪੁਆਇੰਟ ਵਿੱਚ ਵੀ 5 ਮੌਤਾਂ।