ਹੈਰੋਇਨ ਤਸਕਰੀ ’ਚ ਫੌਜੀ, ਸਾਬਕਾ ਪੁਲਸ ਮੁਲਾਜ਼ਮ ਤੇ ਦੋ ਬੀਬੀਆਂ ਸਣੇ 6 ਫੜੇ

0
4

ਫਰੀਦਕੋਟ
(ਐਲਿਗਜੈਂਡਰ ਡਿਸੂਜਾ)
ਪੰਜਾਬ ਪੁਲਸ ਨੇ ਫਰੀਦਕੋਟ ਵਿੱਚ ਹੈਰੋਇਨ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਮੌਜੂਦਾ ਫੌਜੀ ਅਤੇ ਪੁਲਸ ਦੇ ਬਰਖਾਸਤ ਮੁਲਾਜ਼ਮ ਸਮੇਤ 6 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਫਰੀਦਕੋਟ ਪੁਲਸ ਨੇ ਲੱਗਭੱਗ ਦੋ ਮਹੀਨਿਆਂ ਦੀ ਮਿਹਨਤ ਅਤੇ ਜੇਲ੍ਹ ਅਧਾਰਤ ਖੁਫੀਆ ਜਾਣਕਾਰੀ ਤੋਂ ਬਾਅਦ ਗ੍ਰੋਹ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ 4.8 ਕਿੱਲੋ ਹੈਰੋਇਨ, ਇੱਕ ਹਥਿਆਰ ਅਤੇ ਤਸਕਰੀ ਵਿੱਚ ਵਰਤੀਆਂ ਜਾਣ ਵਾਲੀਆਂ ਥਾਰ ਅਤੇ ਐੱਕਸ ਯੂ ਵੀ ਵਰਗੀਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ।
ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ ਆਈ ਏ ਸਟਾਫ ਫਰੀਦਕੋਟ ਦੀਆਂ ਟੀਮਾਂ ਨੇ ਗੁਪਤ ਸੂਚਨਾ ਦੇ ਅਧਾਰ ’ਤੇ 20-21 ਫਰਵਰੀ ਦੀ ਰਾਤ ਨੂੰ ਗ੍ਰੀਨ ਐਵੇਨਿਊ ਕੋਲ ਨਾਕਾਬੰਦੀ ਕੀਤੀ ਸੀ। ਸ਼ੱਕ ਦੇ ਅਧਾਰ ’ਤੇ ਇੱਕ ਥਾਰ ਨੂੰ ਰੋਕਿਆ, ਜਿਸ ਵਿੱਚ ਸਵਾਰ ਜਰਨੈਲ ਸਿੰਘ ਉਰਫ਼ ਗੋਲਡੀ (ਲੁਧਿਆਣਾ), ਰਮਨਦੀਪ ਕੌਰ (ਮੋਗਾ), ਸਰਬਜੀਤ ਸਿੰਘ ਅਤੇ ਅੰਮਿ੍ਰਤਪਾਲ ਸਿੰਘ (ਮੋਗਾ) ਦੀ ਤਲਾਸ਼ੀ ਲਈ ਗਈ। ਗੱਡੀ ਵਿੱਚੋਂ 1 ਕਿੱਲੋ 8 ਗ੍ਰਾਮ ਹੈਰੋਇਨ ਅਤੇ 30,000 ਰੁਪਏ ਡਰੱਗ ਮਨੀ ਬਰਾਮਦ ਹੋਈ।ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਖੇਪ ਅਮਰਦੀਪ ਸਿੰਘ ਉਰਫ ਬੌਕਸਰ ਨੇ 2.60 ਲੱਖ ਰੁਪਏ ਦੇ ਬਦਲੇ ਸਪਲਾਈ ਕੀਤੀ ਸੀ। ਪੁਲਸ ਨੇ ਪਿੱਛਾ ਕਰਕੇ ਬੌਕਸਰ ਅਤੇ ਉਸ ਦੀ ਸਾਥੀ ਡਿੰਪਲ ਰਾਣੀ ਨੂੰ ਪਿੰਡ ਗੋਲੇਆਣਾ ਨੇੜਿਓਂ ਐੱਕਸ ਯੂ ਵੀ-500 ਗੱਡੀ ਸਮੇਤ ਕਾਬੂ ਕੀਤਾ। ਇਨ੍ਹਾਂ ਕੋਲੋਂ 3.796 ਕਿੱਲੋ ਹੈਰੋਇਨ ਤੇ ਇੱਕ .30 ਬੋਰ ਪਿਸਟਲ ਬਰਾਮਦ ਹੋਇਆ।ਬੌਕਸਰ ਪੀ ਏ ਪੀ ਦਾ ਬਰਖ਼ਾਸਤ ਕਰਮਚਾਰੀ ਹੈ, ਜਦਕਿ ਉਸ ਦਾ ਸਾਥੀ ਜਰਨੈਲ ਸਿੰਘ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ।ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰੋਨ ਰਾਹੀਂ ਹੈਰੋਇਨ ਦੀਆਂ ਖੇਪਾਂ ਭਾਰਤੀ ਸਰਹੱਦ ਵਿੱਚ ਮੰਗਵਾਈਆਂ ਜਾਂਦੀਆਂ ਸਨ। ਫੜੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੁੱਲ 12 ਮੁਕੱਦਮੇ ਦਰਜ ਹਨ।