ਜਥੇਦਾਰ ਗੌਹਰ-ਏ-ਮਸਕੀਨ ਵੱਲੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲ ਤਖ਼ਤ ’ਤੇ ਸ਼ਿਕਾਇਤ
ਅੰਮਿ੍ਰਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਐਤਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਨੂੰ 72 ਘੰਟਿਆਂ ਦਾ ਜਵਾਬੀ ਅਲਟੀਮੇਟਮ ਦਿੱਤਾ, ਜਿਸ ਵਿੱਚ ਉਨ੍ਹਾ ਵੱਲੋਂ ਲਗਾਏ ਗਏ ਭਿ੍ਰਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਮੰਗਿਆ ਗਿਆ ਹੈ। ਇਹ ਕਦਮ ਐੱਸ ਜੀ ਪੀ ਸੀ ਵੱਲੋਂ 19 ਫਰਵਰੀ ਨੂੰ ਉਨ੍ਹਾ ਨੂੰ ਦਿੱਤੇ ਗਏ 72 ਘੰਟਿਆਂ ਦੇ ਅਲਟੀਮੇਟਮ ਤੋਂ ਬਾਅਦ ਆਇਆ ਹੈ, ਜੋ ਉਨ੍ਹਾ ਵੱਲੋਂ ਜਲੰਧਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਐੱਸ ਜੀ ਪੀ ਸੀ ਅਤੇ ਬਾਦਲਾਂ ’ਤੇ ਭਿ੍ਰਸ਼ਟਾਚਾਰ ਦੇ ਦੋਸ਼ ਲਗਾਉਣ ਤੋਂ ਇੱਕ ਦਿਨ ਬਾਅਦ ਦਿੱਤਾ ਗਿਆ ਸੀ।
ਇੱਕ ਵੀਡੀਓ ਸੰਦੇਸ਼ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾ ਨੇ ਸੱਚ ਬੋਲ ਕੇ ਆਪਣੇ ਧਰਮ ਪ੍ਰਤੀ ਫਰਜ਼ ਨਿਭਾਇਆ ਹੈ। ਉਹ ਐੱਸ ਜੀ ਪੀ ਸੀ ਦੇ ਉਸ ਅਲਟੀਮੇਟਮ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਉਨ੍ਹਾ ਨੂੰ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਲਿਖਤੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾ ਨੇ ਮੀਡੀਆ ਕੋਲ ਸੰਬੰਧਤ ਤੱਥ ਰੱਖੇ ਹਨ ਅਤੇ ਉਹ ਸੰਗਤ ਨਾਲ ਸੱਚ ਸਾਂਝਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾ ਦੱਸਿਆ ਕਿ ਉਨ੍ਹਾ ਨੂੰ ਐੱਸ ਜੀ ਪੀ ਸੀ ਦੇ ਨੋਟਿਸ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿਉਂਕਿ ਉਹ ਉਸ ਸਮੇਂ ਪੰਜਾਬ ਤੋਂ ਬਾਹਰ ਸਨ। ਗਿਆਨੀ ਰਘਬੀਰ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਸੰਸਥਾ ਦੇ ਅੰਦਰ ਰੋਜ਼ਾਨਾ ਅਧਾਰ ’ਤੇ ਬੇਨਿਯਮੀਆਂ ਹੋ ਰਹੀਆਂ ਸਨ, ਜਿਨ੍ਹਾਂ ਮੁੱਦਿਆਂ ’ਤੇ ਐੱਸ ਜੀ ਪੀ ਸੀ ਪ੍ਰਧਾਨ ਨੇ ਖੁਦ ਸੰਗਤ ਤੋਂ ਮੁਆਫੀ ਮੰਗੀ ਸੀ, ਤਾਂ ਸਵਾਲ ਚੁੱਕਣ ਵਾਲਿਆਂ ਨੂੰ ਨੋਟਿਸ ਜਾਰੀ ਕਰਨਾ ਜਾਇਜ਼ ਨਹੀਂ ਸੀ।
ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਉਨ੍ਹਾ ਕੋਲ ਉਠਾਏ ਗਏ ਹਰ ਸਵਾਲ ਨਾਲ ਸੰਬੰਧਤ ਦਸਤਾਵੇਜ਼ ਅਤੇ ਸਬੂਤ ਮੌਜੂਦ ਹਨ। ਉਨ੍ਹਾ ਕਿਹਾ ਕਿ ਇਹ ਲੜਾਈ ਕਿਸੇ ਖਾਸ ਵਿਅਕਤੀ ਵਿਰੁੱਧ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਅਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣਾ ਹੈ।
ਇਸੇ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ-ਪੱਤਰ ਸੌਂਪ ਕੇ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਾਇਦਾਦਾਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਉਨ੍ਹਾ ਦਾਅਵਾ ਕੀਤਾ ਹੈ ਕਿ ਪਾਸ਼ ਇਲਾਕਿਆਂ ਵਿੱਚ ਇਨ੍ਹਾਂ ਦੀਆਂ ਕੋਠੀਆਂ ਹਨ ਅਤੇ ਜਥੇਦਾਰ ਦੇ ਅਹੁਦੇ ’ਤੇ ਰਹਿ ਕੇ ਇਨ੍ਹਾਂ ਕੋਲ ਕਿਸ ਤਰ੍ਹਾਂ ਏਨੇ ਪੈਸੇ ਇਕੱਤਰ ਹੋਏ, ਇਸ ਦੀ ਜਾਣਕਾਰੀ ਜ਼ਰੂਰ ਮਿਲਣੀ ਚਾਹੀਦੀ ਹੈ।




