ਖਹਿਰਾ ਦੇ ਘਰ ਦਾ ਇੱਕ ਹਿੱਸਾ ਢਾਹਿਆ

0
8

ਕਪੂਰਥਲਾ : ਹਲਕਾ ਭੁਲੱਥ ਦੇ ਰਾਮਗੜ੍ਹ ਵਿੱਚ ਪੰਜਾਬ ਪੁਲਸ ਦੀ ਟੀਮ ਤੇ ਹੋਰ ਅਮਲੇ ਨੇ ਸੋਮਵਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਘਰ ਦਾ ਇੱਕ ਹਿੱਸਾ ਢਾਹ ਦਿੱਤਾ। ਖਹਿਰਾ ਜੇ ਸੀ ਬੀ ਮਸ਼ੀਨ ਅੱਗੇ ਬੈਠ ਗਏ ਅਤੇ ਪੰਜਾਬ ਸਰਕਾਰ ਤੇ ਪੁਲਸ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ।
ਪ੍ਰਸ਼ਾਸਨਕ ਸੂਤਰਾਂ ਨੇ ਕਿਹਾ ਕਿ ਉਹ ਸਿਰਫ ਉਨ੍ਹਾਂ ਢਾਂਚਿਆਂ ਨੂੰ ਹੀ ਢਾਹ ਰਹੇ ਹਨ, ਜੋ ਨਿਯਮਾਂ ਅਨੁਸਾਰ ਗੈਰ-ਕਾਨੂੰਨੀ ਹਨ। ਖਹਿਰਾ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਤ ਦੱਸਿਆ ਹੈ। ਉਨ੍ਹਾ ਕਿਹਾ ਕਿ ਬਿਨਾਂ ਕਿਸੇ ਨੋਟਿਸ ਜਾਂ ਸੁਣਵਾਈ ਦੇ ਉਨ੍ਹਾ ਦੇ ਘਰ ਦਾ ਹਿੱਸਾ ਢਾਹਿਆ ਜਾ ਰਿਹਾ ਹੈ। ਖਹਿਰਾ ਵੱਲੋਂ ਮਦਦ ਦੀ ਅਪੀਲ ਕਰਨ ਤੋਂ ਬਾਅਦ ਉਨ੍ਹਾ ਦੇ ਘਰ ਦੇ ਬਾਹਰ ਸਮਰਥਕਾਂ ਦਾ ਭਾਰੀ ਇਕੱਠ ਹੋ ਗਿਆ, ਜਿਸ ਕਾਰਨ ਪੂਰਾ ਇਲਾਕਾ ਇੱਕ ਛਾਉਣੀ ਵਿੱਚ ਤਬਦੀਲ ਹੋ ਗਿਆ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਟਕਰਾਅ ਵਾਲੀ ਸਥਿਤੀ ਬਣੀ ਰਹੀ। ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਰੋਕਣ ਲਈ ਪੁਲਸ ਨੇ ਘਰ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ।