ਇੰਗਲੈਂਡ ਤੋਂ ਆਏ ਤਰਲੋਚਨ ਮੁਠੱਡਾ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ

0
6

ਜਲੰਧਰ : ਇੰਗਲੈਂਡ ਅੰਦਰ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਉਪਰ ਸਮੇਂ-ਸਮੇਂ ਲਿਖਣ ਵਾਲੇ ਆਪਣੀ ਜਨਮ ਭੋਇੰ ਪੰਜਾਬ ਅਤੇ ਦੇ ਪ੍ਰਦੇਸ ਅੰਦਰ ਲੋਕ ਸਰੋਕਾਰਾਂ ਨਾਲ ਜੁੜ ਕੇ ਰਹਿਣ ਵਾਲੇ ਤਰਲੋਚਨ ਸਿੰਘ ਮੁਠੱਡਾ ਗਲਾਸਗੋ (ਸਕਾਟਲੈਂਡ) ਨੇ ਸੋਮਵਾਰ ਦੇਸ਼ ਭਗਤ ਯਾਦਗਾਰ ਹਾਲ ਪੁੱਜ ਕੇ ਮਹਾਨ ਗ਼ਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਇਨਕਲਾਬੀ ਯੋਧਿਆਂ ਨੂੰ ਸਿਜਦਾ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸੱਭਿਆਚਾਰਕ ਵਿੰਗ ਪਰਵਾਰ ਨਾਲ ਜੁੜੇ ਲੇਖਕਾਂ, ਇਤਿਹਾਸਕਾਰਾਂ, ਰੰਗਕਰਮੀਆਂ ਨਾਲ ਉਹਨਾਂ ਦੀ ਮਿਲਣੀ ਮੌਕੇ ਤਰਲੋਚਨ ਮੁਠੱਡਾ ਨੇ ਇੰਗਲੈਂਡ ਦੇ ਤਾਜ਼ਾ ਹਾਲਾਤ, ਪਿਛਲੇ ਅਰਸੇ ਤੋਂ ਉੱਥੇ ਗਈ ਜੁਆਨੀ ਬਾਰੇ ਵਿਚਾਰਾਂ ਕੀਤੀਆਂ ਅਤੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਪੰਜਾਬ ਅਤੇ ਪੂਰੇ ਮੁਲਕ ਦੇ ਜੋ ਹਾਲਾਤ ਕਈ ਪੱਖਾਂ ਤੋਂ ਬਣਦੇ ਜਾ ਰਹੇ ਹਨ, ਉਸ ਬਾਰੇ ਵੀ ਉੱਥੇ ਵਸਦੇ ਸੁਹਿਰਦ ਪਰਵਾਰ ਕਾਫ਼ੀ ਚਿੰਤਾਤੁਰ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਮੁਹਿੰਮ ਸੰਬੰਧੀ 27 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ’ਚ ਰੱਖੀ ਵਿਚਾਰ-ਚਰਚਾ, ਸਾਲ ਭਰ ਨਿਰੰਤਰ ਮੁਹਿੰਮ ਦੀ ਰੂਪ-ਰੇਖਾ ਅਤੇ ਇਸ ਦੀ ਸਿਖ਼ਰ ’ਤੇ ਪਹਿਲੀ ਨਵੰਬਰ ਨੂੰ ਹੋਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ ਤੱਕ ਲਿਜਾਣ ਦੀ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪਰਦੇਸ ਵਸਦੇ ਪੰਜਾਬੀਆਂ ਤੋਂ ਭਰਵੇਂ ਯੋਗਦਾਨ ਦੀ ਅਪੀਲ ਕੀਤੀ। ਕਮੇਟੀ ਆਗੂਆਂ ਨੇ ਹਾਲ ਅੰਦਰ ਲਾਇਬ੍ਰੇਰੀ, ਮਿਊਜ਼ੀਅਮ, ਫ਼ਿਲਮ ਥੀਏਟਰ, ਵੱਖ-ਵੱਖ ਹਾਲਾਂ ਦੀਆਂ ਲੋੜਾਂ ਦੀ ਪੂਰਤੀ ਲਈ ਚੁੱਕੇ ਜਾ ਰਹੇ ਕੰਮਾਂ-ਕਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸਾਂਝੀ ਵਿਚਾਰ-ਚਰਚਾ ਦਾ ਸਾਰ ਤੱਤ ਇਹ ਸੀ ਕਿ ਪ੍ਰਸਪਰ ਸਹਿਯੋਗ ਅਤੇ ਜਾਣਕਾਰੀ ਉੱਥੋਂ ਦੀਆਂ ਸੰਸਥਾਵਾਂ ਅਤੇ ਕਮੇਟੀ ਦਰਮਿਆਨ ਭਵਿੱਖ ਵਿੱਚ ਹੋਰ ਵੀ ਵਧੇਰੇ ਨੇੜਿਓਂ ਜੁੜ ਕੇ ਰਹਿਣੀ ਚਾਹੀਦੀ ਹੈ।
ਤਰਲੋਚਨ ਮੁਠੱਡਾ ਦਾ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਪਰਵਾਰ ਮੈਂਬਰ ਵੀ ਆਏ ਹੋਏ ਸਨ।
ਸਨਮਾਨ ਅਤੇ ਵਿਚਾਰ-ਚਰਚਾ ਮੌਕੇ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਅਜਮੇਰ ਸਿੰਘ, ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਨਾਲ ਜੁੜੇ ਡਾ. ਹਰਜੀਤ, ਜਸਵਿੰਦਰ ਪੱਪੀ, ਕੁਲਵੰਤ ਕੌਰ ਨਗਰ (ਮਾਨਵਤਾ ਕਲਾ ਮੰਚ ਨਗਰ) ਸ਼ਾਮਲ ਸਨ।