ਮੈਕਸੀਕੋ ਸਿਟੀ : ਮੈਕਸੀਕੋ ਦੇ ਸਭ ਤੋਂ ਖਤਰਨਾਕ ਨਸ਼ਾ ਤਸਕਰਾਂ ਵਿੱਚੋਂ ਇੱਕ ਨੇਮੇਸੀਓ ਓਸੇਗੁਏਰਾ ਉਰਫ ਅਲ ਮੈਂਚੋ ਇੱਕ ਫੌਜੀ ਕਾਰਵਾਈ ਦੌਰਾਨ ਮਾਰਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਿੰਸਾ ਫੈਲ ਗਈ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ’ਤੇ ਅਮਰੀਕਾ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਉਨ੍ਹਾਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਜੋ ਅਮਰੀਕਾ ਵਿੱਚ ਸਿੰਥੈਟਿਕ ਨਸ਼ਾ ਸਪਲਾਈ ਕਰਦੇ ਹਨ। 60 ਸਾਲਾ ਮੈਂਚੋ ਸ਼ਕਤੀਸ਼ਾਲੀ ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ ਦਾ ਮੁਖੀ ਸੀ। ਉਹ ਮੈਕਸੀਕੋ ਦੀਆਂ ਵਿਸ਼ੇਸ਼ ਫੌਜੀ ਟੁਕੜੀਆਂ ਵੱਲੋਂ ਕੀਤੇ ਗਏ ਅਪ੍ਰੇਸ਼ਨ ਦੌਰਾਨ ਜ਼ਖਮੀ ਹੋ ਗਿਆ ਤੇ ਬਾਅਦ ਵਿਚ ਹਿਰਾਸਤ ਵਿੱਚ ਦਮ ਤੋੜ ਗਿਆ। ਉਸ ਦੀ ਦੇਹ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੈਕਸੀਕੋ ਸਿਟੀ ਲਿਆਂਦਾ ਗਿਆ। ਇਸ ਕਾਰਨ ਕਈ ਕੌਮਾਂਤਰੀ ਏਅਰਲਾਈਨਾਂ ਨੇ ਇਸ ਇਲਾਕੇ ਵਿੱਚ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਅਪ੍ਰੇਸ਼ਨ ਵਿੱਚ ਅਮਰੀਕੀ ਖੁਫੀਆ ਤੰਤਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਸੋਸ਼ਲ ਮੀਡੀਆ ’ਤੇ ਪੁਸ਼ਟੀ ਕੀਤੀ ਕਿ ਅਮਰੀਕਾ ਨੇ ਇਸ ਕਾਰਵਾਈ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਟਰੰਪ ਪ੍ਰਸ਼ਾਸਨ ਨੇ ਮੈਕਸੀਕੋ ਦੀ ਫੌਜ ਦੀ ਇਸ ਸਫਲਤਾ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਇੱਕ ਵੱਡੀ ਉਪਲਬਧੀ ਦੱਸਿਆ ਹੈ। ਇਹ ਕਾਰਵਾਈ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ, ਕਿਉਂਕਿ ਅਲ ਮੈਂਚੋ ਦੇ ਕਾਰਟੇਲ ਨੇ ਅਮਰੀਕਾ ਵਿੱਚ ਅਰਬਾਂ ਡਾਲਰਾਂ ਦੇ ਨਸ਼ੇ ਪਹੁੰਚਾਏ ਸਨ। ਅਲ ਮੈਂਚੋ ਦੀ ਮੌਤ ਦੀ ਖਬਰ ਫੈਲਦਿਆਂ ਹੀ ਉਸ ਦੇ ਗਰੋਹ ਦੇ ਮੈਂਬਰਾਂ ਨੇ ਕਈ ਰਾਜਾਂ ਵਿੱਚ ਹਾਈਵੇਅ ਜਾਮ ਕਰ ਦਿੱਤੇ ਅਤੇ ਗੱਡੀਆਂ ਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਕਿਸੇ ਆਮ ਨਾਗਰਿਕ ਦੀ ਮੌਤ ਦੀ ਖਬਰ ਨਹੀਂ ਹੈ ਪਰ ਜਾਲਿਸਕੋ ਦੇ ਮਸ਼ਹੂਰ ਟੂਰਿਸਟ ਸਥਾਨ ਪੋਰਟੋ ਵੈਲਾਰਟਾ ਵਿੱਚ ਸੈਲਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸੇ ਦੌਰਾਨ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਕੇ ਚੌਕਸ ਰਹਿਣ ਅਤੇ ਫਿਲਹਾਲ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।




