ਚੰਡੀਗੜ੍ਹ (ਗੁਰਜੀਤ ਬਿੱਲਾ,
�ਿਸ਼ਨ ਗਰਗ)
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਕਿਹਾ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਫੈਸਲਾਕੁੰਨ ਅਤੇ ਨਿਰੰਤਰ ਕਾਰਵਾਈ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਨਾਲ ਉਹ ਨਸ਼ਾ ਨੈੱਟਵਰਕ ਤਬਾਹ ਹੋ ਰਹੇ ਹਨ, ਜੋ ਕਦੇ ਬਿਨਾਂ ਕਿਸੇ ਡਰ ਦੇ ਚਲਦੇ ਸਨ। ਉਨ੍ਹਾ ਕਿਹਾ ਕਿ ਜਿੱਥੇ ਪੰਜਾਬ ਨਸ਼ਿਆਂ ਵਿਰੁੱਧ ਸਖ਼ਤੀ ਅਤੇ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰ ਰਿਹਾ ਹੈ, ਉੱਥੇ ਹੀ ਨਾਇਬ ਸਿੰਘ ਸੈਣੀ ਦੀ ਸਰਕਾਰ ਹੇਠ ਹਰਿਆਣਾ ਵਿੱਚ ਵਧ ਰਹੀ ਇਸ ਅਲਾਮਤ ਬਾਰੇ ਗੰਭੀਰ ਸਵਾਲ ਉੱਠ ਰਹੇ ਹਨ।
ਇਹ ਯਾਦ ਕਰਦਿਆਂ ਕਿ 2007-2017 ਦੇ ਅਕਾਲੀ-ਭਾਜਪਾ ਸ਼ਾਸਨ ਦੌਰਾਨ ਪੂਰੇ ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਹੋਇਆ ਸੀ, ਚੀਮਾ ਨੇ ਕਿਹਾ ਕਿ ਹੁਣ ਅਜਿਹਾ ਹੀ ਪੈਟਰਨ ਹਰਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਪੁਲਸ ਦੇ ਅਧਿਕਾਰੀ ਸੁਨੀਲ ਸੰਧੂ ਦਾ ਹਵਾਲਾ ਦਿੰਦੇ ਹੋਏ, ਜੋ ਨਸ਼ਾ ਵਿਰੋਧੀ ਕਾਰਵਾਈਆਂ ਤੋਂ ਬਾਅਦ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ, ਚੀਮਾ ਨੇ ਪੁੱਛਿਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਕਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਇਹ ਸਵਾਲ ਵੀ ਉਠਾਇਆ ਕਿ ਕੀ ਸੈਣੀ ਦੇ ਪੰਜਾਬ ਦੇ ਵਾਰ-ਵਾਰ ਦੌਰੇ ਨਸ਼ਾ ਤਸਕਰਾਂ ਨੂੰ ਮੁੜ ਸੰਗਠਿਤ ਹੋਣ ਅਤੇ ਵਾਪਸੀ ਦਾ ਰਸਤਾ ਲੱਭਣ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਦੇ ਹਨ, ਜਦਕਿ ਹਰਿਆਣਾ ਖੁਦ ਇਸ ਸੰਕਟ ਵਿੱਚ ਡੂੰਘਾ ਡੁੱਬਦਾ ਜਾ ਰਿਹਾ ਹੈ।
ਚੀਮਾ ਨੇ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਸ਼ਿਕੰਜਾ ਕੱਸ ਰਹੀ ਹੈ, ਨਸ਼ਾ ਤਸਕਰ ਸੂਬੇ ਵਿੱਚੋਂ ਭੱਜ ਕੇ ਹਰਿਆਣਾ ਨੂੰ ਆਪਣਾ ਨਵਾਂ ਅੱਡਾ ਬਣਾ ਰਹੇ ਹਨ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਫੈਸਲਾਕੁੰਨ ਕਾਰਵਾਈ ਨੇ ਪੰਜਾਬ ਵਿੱਚ ਨਸ਼ਾ ਨੈੱਟਵਰਕ ’ਤੇ ਪਕੜ ਮਜ਼ਬੂਤ ਕਰ ਲਈ ਹੈ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਅਪਰਾਧਿਕ ਅਨਸਰ ਹੁਣ ਆਪਣਾ ਕੰਮਕਾਜ ਦੂਜੇ ਰਾਜਾਂ ਵਿੱਚ ਤਬਦੀਲ ਕਰ ਰਹੇ ਹਨ।ਚੀਮਾ ਨੇ ਕਿਹਾ ਕਿ ਭਾਜਪਾ ਸ਼ਾਸਤ ਗੁਜਰਾਤ ਵਿੱਚ 3000 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਏਨੀ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਬਰਾਮਦਗੀ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਨੈੱਟਵਰਕ ਦੇ ਕੰਮਕਾਜ ਉੱਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।





