ਭੋਪਾਲ : ਲੋਕ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਇੱਥੇ ਕਿਸਾਨ ਚੌਪਾਲ ਵਿੱਚ ਤਕਰੀਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ ਦੇਸ਼ ਵੇਚਣ ਦਾ ਸੌਦਾ ਕੀਤਾ ਹੈ, ਕਿਉਕਿ ਉਨ੍ਹਾ ’ਤੇ ਐਪਸਟੀਨ ਤੇ ਅਡਾਨੀ ਮਾਮਲਿਆਂ ਦਾ ਦਬਾਅ ਹੈ। ਇਸ ਲਈ ਉਨ੍ਹਾ ਭਾਰਤ ਤੇ ਕਿਸਾਨ ਜਾ ਡੈਟਾ ਅਮਰੀਕਾ ਨੂੰ ਵੇਚ ਦਿੱਤਾ।
ਉਨ੍ਹਾ ਕਿਹਾ, ‘ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਨੂੰ ਬੋਲਣ ਨਹੀਂ ਦਿੱਤਾ ਗਿਆ। ਮੈਂ ਚੀਨੀ ਘੁਸਪੈਠ ਦੇ ਮੁੱਦੇ ’ਤੇ ਗੱਲ ਰੱਖਣੀ ਚਾਹੁੰਦਾ ਸੀ। ਮੈਂ ਸਾਬਕਾ ਆਰਮੀ ਚੀਫ ਨਰਵਾਣੇ ਦੀ ਗੱਲ ਰੱਖੀ ਸੀ, ਜਿਨ੍ਹਾ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਜਦ ਚੀਨੀ ਘੁਸਪੈਠ ਹੋਈ ਸੀ ਤਾਂ ਉਨ੍ਹਾ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਇਕੱਲਾ ਛੱਡ ਦਿੱਤਾ।’
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੈਬਨਿਟ ਦੀ ਸਲਾਹ ਲਏ ਬਿਨਾਂ ਅਮਰੀਕਾ ਨਾਲ ਵਪਾਰ ਸੌਦਾ ਕੀਤਾ। ਸਰਕਾਰ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਸੋਇਆ, ਕਪਾਹ ਤੇ ਮੱਕੀ ਵੇਚਣ ਦੀ ਛੋਟ ਦੇਣ ਦੀ ਤਿਆਰੀ ਕਰ ਲਈ ਹੈ, ਜਿਸ ਨਾਲ ਭਾਰਤੀ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਸੌਦੇ ਨਾਲ ਭਾਰਤ ਨੂੰ ਵੱਧ ਟੈਰਿਫ ਦੇਣਾ ਪਵੇਗਾ ਤੇ ਅਮਰੀਕਾ ਤੋਂ ਭਾਰੀ ਮਾਤਰਾ ਵਿੱਚ ਬਿਨਾਂ ਟੈਰਿਫ ਸਮਾਨ ਖਰੀਦਣਾ ਪਵੇਗਾ।
ਮੋਦੀ ਆਪਣਾ ਨਾਂਅ ਵੀ ਬਦਲ ਲੈਣ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਨਰਿੰਦਰ ਮੋਦੀ ਸਰੰਡਰ ਮੋਦੀ ਹਨ। ਉਨ੍ਹਾ ਦਾ ਸਿਰਫ ਇੱਕ ਕੰਮ ਹੈ, ਨਾਂਅ ਬਦਲੋ। ਰਸਤੇ ਦਾ ਨਾਂਅ ਬਦਲੋ, ਯੋਜਨਾਵਾਂ ਦਾ ਨਾਂਅ ਬਦਲੋ। ਉਨ੍ਹਾ ਨੂੰ ਆਪਣਾ ਨਾਂਅ ਵੀ ਬਦਲ ਲੈਣਾ ਚਾਹੀਦਾ ਹੈ, ਕਿਉਕਿ ਉਨ੍ਹਾ ਦਾ ਜਨਮ ਕਾਂਗਰਸ ਰਾਜ ਦੌਰਾਨ ਹੋਇਆ ਸੀ। ਉਨ੍ਹਾ ਮਨਰੇਗਾ ਸਣੇ ਕਈ ਯੋਜਨਾਵਾਂ ਦੇ ਨਾਂਅ ਬਦਲਣ ’ਤੇ ਸਵਾਲ ਉਠਾਏ।





