ਪਰਵਾਸੀ ਮਜ਼ਦੂਰਾਂ ’ਤੇ ਹਮਲੇ ਦੀ ਸਾਜ਼ਿਸ਼ ’ਚ ਸ਼ਾਮਲ ਅਮਨ ਸ਼ਰਮਾ ਗਿ੍ਰਫਤਾਰ

0
15

ਫਰੀਦਕੋਟ : ਪੁਲਸ ਨੇ ਮੋਗਾ ਦੇ ਪਿੰਡ ਵਿੱਚ ਪਰਵਾਸੀ ਮਜ਼ਦੂਰਾਂ ’ਤੇ ਫਾਇਰਿੰਗ ਦੀ ਸਾਜ਼ਿਸ਼ ਵਿੱਚ ਸ਼ਾਮਲ ਅਮਨ ਸ਼ਰਮਾ (27) ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅਮਨ ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ ਵਿੱਚ ਇੱਕ ਪੱਲੇਦਾਰ ਵਜੋਂ ਕੰਮ ਕਰਕੇ ਆਪਣੀ ਅਸਲੀ ਪਛਾਣ ਲੁਕਾ ਰਿਹਾ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਪੁਲਸ ਨੂੰ ਚਕਮਾ ਦੇ ਰਿਹਾ ਸੀ। ਪੁਲਸ ਨੇ ਮੁਲਜ਼ਮ ਨੂੰ ਜੰਮੂ-ਕਸ਼ਮੀਰ ਤੋਂ ਉਸ ਦੇ ਰਿਸ਼ਤੇਦਾਰ ਸ਼ੁਭਮ ਸ਼ਰਮਾ ਸਮੇਤ ਗਿ੍ਰਫਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਨਾ ਸਿਰਫ ਹਥਿਆਰਾਂ ਦੇ ਸਪਲਾਇਰ ਸਨ, ਸਗੋਂ ਬੈਕਅੱਪ ਸ਼ੂਟਰ ਵਜੋਂ ਵੀ ਤਿਆਰ ਸਨ। ਜੇ ਮੁੱਖ ਸ਼ੂਟਰ ਨਾਕਾਮ ਰਹਿੰਦਾ ਤਾਂ ਉਹ ਖੁਦ ਹਮਲਾ ਕਰ ਸਕਦੇ ਸਨ।
ਡੀ ਆਈ ਜੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਵਿਜੇ ਅਨੁਸਾਰ ਇਹ ਗਰੁੱਪ ਸੋਸ਼ਲ ਮੀਡੀਆ ਹੈਂਡਲ ‘ਲੱਖਾ ਬੁੱਟਰ’ ਰਾਹੀਂ ਸੰਪਰਕ ਵਿੱਚ ਸੀ, ਜਿਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਮਨ ਸ਼ਰਮਾ ਕਥਿਤ ਤੌਰ ’ਤੇ ਪੈਸੇ ਦੇ ਲਾਲਚ ਵਿੱਚ ਇਸ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਹੋਇਆ ਸੀ। ਪੁਲਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਦੋ ਹੱਥਗੋਲੇ, ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਤਿੰਨ ਮੁੱਖ ਸ਼ੂਟਰ ਅਕਾਸ਼ਦੀਪ ਸਿੰਘ, ਜੋਬਨਪ੍ਰੀਤ ਸਿੰਘ ਅਤੇ ਸ਼ਾਹਬੀਰ ਸਿੰਘ ਵੀ ਸ਼ਾਮਲ ਹਨ।