ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ‘ਸਟੇਟ ਆਫ ਦਾ ਯੂਨੀਅਨ’ ਭਾਸ਼ਣ ਦੌਰਾਨ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹਦਿਆਂ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾ ਨੂੰ ਦੱਸਿਆ ਸੀ ਕਿ ਜੇ ਉਨ੍ਹਾ ਦਖਲ ਨਾ ਦਿੱਤਾ ਹੁੰਦਾ, ਤਾਂ ਦੋਵਾਂ ਦੇਸ਼ਾਂ ਦੇ 3.5 ਕਰੋੜ ਲੋਕ ਮਾਰੇ ਜਾਂਦੇ। ਮੰਗਲਵਾਰ 100 ਮਿੰਟਾਂ ਤੋਂ ਵੱਧ ਲੰਮੇ ਸੰਬੋਧਨ ਵਿੱਚ ਟਰੰਪ ਨੇ ਕਿਹਾ, ‘ਮੈਂ ਆਪਣੇ ਪਹਿਲੇ 10 ਮਹੀਨਿਆਂ ਵਿੱਚ ਅੱਠ ਜੰਗਾਂ ਖਤਮ ਕਰਵਾਈਆਂ ਹਨ, ਜਿਨ੍ਹਾਂ ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਵੀ ਸ਼ਾਮਲ ਹੈ।’
ਟਰੰਪ ਪਿਛਲੇ ਸਾਲ 10 ਮਈ ਤੋਂ ਹੁਣ ਤੱਕ ਲਗਭਗ 100 ਵਾਰ ਅਜਿਹੇ ਦਾਅਵੇ ਕਰ ਚੁੱਕੇ ਹਨ। ਹਾਲਾਂਕਿ, ਉਹ ਮਰਨ ਵਾਲਿਆਂ ਦੇ ਅੰਕੜਿਆਂ ਨੂੰ ਲੈ ਕੇ ਅਕਸਰ ਬਦਲਦੇ ਰਹੇ ਹਨ, ਪਹਿਲਾਂ ਉਨ੍ਹਾ ਇਹ ਗਿਣਤੀ ਇੱਕ ਕਰੋੜ ਅਤੇ ਫਿਰ ਢਾਈ ਕਰੋੜ ਦੱਸੀ ਸੀ, ਜੋ ਹੁਣ ਵਧ ਕੇ ਸਾਢੇ ਤਿੰਨ ਕਰੋੜ ਤੱਕ ਪਹੁੰਚ ਗਈ ਹੈ। ਟਰੰਪ ਨੇ ਆਪਣੇ ਭਾਸ਼ਣ ਵਿੱਚ ਇਜ਼ਰਾਈਲ-ਈਰਾਨ ਅਤੇ ਕੋਸੋਵੋ-ਸਰਬੀਆ ਵਰਗੇ ਹੋਰ ਕਈ ਵਿਸ਼ਵਵਿਆਪੀ ਸੰਘਰਸ਼ਾਂ ਨੂੰ ਸੁਲਝਾਉਣ ਦਾ ਦਾਅਵਾ ਵੀ ਕੀਤਾ ਹੈ।
ਲਾਲ ਟਾਈ ਅਤੇ ਨੀਲੇ ਸੂਟ ਵਿੱਚ ਸਜੇ ਟਰੰਪ ਦਾ ਸਵਾਗਤ ਰਿਪਬਲਿਕਨਾਂ ਨੇ ਯੂ ਐੱਸ ਏ! ਯੂ ਐੱਸ ਏ! ਦੇ ਨਾਅਰਿਆਂ ਨਾਲ ਕੀਤਾ, ਜਦੋਂਕਿ ਕਈ ਡੈਮੋਕਰੇਟਕ ਨੇ ਵਿਰੋਧ ਵਜੋਂ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ।
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾ ਦੀਆਂ ਨੀਤੀਆਂ ਸਦਕਾ ਦੇਸ਼ ਵਿੱਚ ਨੌਕਰੀਆਂ ਅਤੇ ਨਿਰਮਾਣ ਖੇਤਰ ਵਿੱਚ ਵੱਡਾ ਉਛਾਲ ਆਇਆ ਹੈ। ਉਨ੍ਹਾ ਇਸ ਨੂੰ ‘ਯੁੱਗਾਂ ਦਾ ਸਭ ਤੋਂ ਵੱਡਾ ਬਦਲਾਅ’ ਕਰਾਰ ਦਿੰਦਿਆਂ ਕਿਹਾ ਕਿ ਹੁਣ ਅਮਰੀਕਾ ਵਿੱਚ ਖਰਬਾਂ ਡਾਲਰ ਦਾ ਨਿਵੇਸ਼ ਅਤੇ ਨਵੀਆਂ ਫੈਕਟਰੀਆਂ ਵਾਪਸ ਆ ਰਹੀਆਂ ਹਨ।
ਟਰੰਪ ਨੇ ਇਮੀਗ੍ਰੇਸ਼ਨ ’ਤੇ ਸਖਤੀ, ਟੈਰਿਫ ਦੀ ਸੁਰੱਖਿਆ ਅਤੇ ਈਰਾਨ ਤੇ ਵੈਨੇਜ਼ੁਏਲਾ ਵਰਗੇ ਦੇਸ਼ਾਂ ਵਿੱਚ ਕੀਤੀਆਂ ਫੌਜੀ ਕਾਰਵਾਈਆਂ ਦਾ ਜ਼ੋਰਦਾਰ ਬਚਾਅ ਕੀਤਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਅਨੁਸਾਰ, ਰਾਸ਼ਟਰਪਤੀ ਨੇ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਮਹਿੰਗਾਈ ਅਤੇ ਰਹਿਣ-ਸਹਿਣ ਦੇ ਖਰਚਿਆਂ ਨੂੰ ਸਿਰਫ ਰਿਪਬਲਿਕਨ ਪਾਰਟੀ ਹੀ ਕਾਬੂ ਕਰ ਸਕਦੀ ਹੈ। ਦਿਲਚਸਪ ਗੱਲ ਇਹ ਰਹੀ ਕਿ ਜਿੱਥੇ ਉਲੰਪਿਕ ਗੋਲਡ ਮੈਡਲ ਜੇਤੂ ਅਮਰੀਕੀ ਪੁਰਸ਼ ਹਾਕੀ ਟੀਮ ਇਸ ਮੌਕੇ ਮੌਜੂਦ ਸੀ, ਉੱਥੇ ਹੀ ਮਹਿਲਾ ਹਾਕੀ ਟੀਮ ਨੇ ਵ੍ਹਾਈਟ ਹਾਊਸ ਦਾ ਸੱਦਾ ਠੁਕਰਾ ਕੇ ਆਪਣਾ ਵਿਰੋਧ ਦਰਜ ਕਰਵਾਇਆ।



