ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ’ਤੇ ਤਿੱਖਾ ਹਮਲਾ ਕੀਤਾ ਹੈ, ਜਿਸ ਵਿੱਚ ਉਨ੍ਹਾ ਕਿਹਾ ਹੈ ਕਿ ਉਨ੍ਹਾ ਦੀ ਸਰਕਾਰ ਆਉਣ ’ਤੇ ਪਹਿਲੀ ਮੀਟਿੰਗ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ‘ਅੱਤਵਾਦੀ’ ਐਲਾਨਿਆ ਜਾਵੇਗਾ।
ਬੁੱਧਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਸ਼ਾਇਦ ਇਸ ਭੁਲੇਖੇ ਵਿੱਚ ਹਨ ਕਿ ਪੰਜਾਬ ਦੇ ਲੋਕ 2007 ਤੋਂ 2017 ਦੇ ਕਾਲੇ ਦੌਰ ਨੂੰ ਭੁੱਲ ਗਏ ਹਨ। ਸੱਚਾਈ ਇਹ ਹੈ ਕਿ ਪੰਜਾਬ ਦੀ ਧਰਤੀ ’ਤੇ ਨਸ਼ਿਆਂ (ਚਿੱਟੇ) ਅਤੇ ਗੈਂਗਸਟਰਵਾਦ ਦੇ ਬੀਜ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਬੀਜੇ ਗਏ ਸਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਇਹ ਵਧੇ-ਫੁੱਲੇ।
ਪੰਨੂ ਨੇ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਵਾਉਦਿਆਂ ਕਿਹਾ ਕਿ 2007 ਤੋਂ ਪਹਿਲਾਂ ਪੰਜਾਬ ਨੇ ਕਦੇ ‘ਗੈਂਗਸਟਰ’ ਸ਼ਬਦ ਨਹੀਂ ਸੁਣਿਆ ਸੀ। ਸੁਖਬੀਰ ਬਾਦਲ ਦੇ ਰਾਜ ਵਿੱਚ ਹੀ ਅਪਰਾਧੀਆਂ ਨੂੰ ਸਿਆਸੀ ਸਰਪ੍ਰਸਤੀ ਮਿਲੀ। ਅੰਮਿ੍ਰਤਸਰ ਵਿੱਚ ਆਪਣੀ ਧੀ ਦੀ ਇੱਜ਼ਤ ਬਚਾਉਦੇ ਹੋਏ ਜਦੋਂ ਇੱਕ ਏ ਐੱਸ ਆਈ ਦਾ ਕਤਲ ਕੀਤਾ ਗਿਆ, ਤਾਂ ਅਕਾਲੀ ਦਲ ਨਾਲ ਸੰਬੰਧਤ ਲੋਕਾਂ ਨੇ ਸ਼ਰੇਆਮ ਭੰਗੜਾ ਪਾਇਆ ਸੀ। ਪੰਨੂ ਨੇ ਸਵਾਲ ਕੀਤਾ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਕਿਸ ਦੇ ਸਮੇਂ ਹੋਇਆ? ਫਰੀਦਕੋਟ ਵਿੱਚ ਸ਼ਰੇਆਮ ਨਾਬਾਲਗ ਲੜਕੀ ਨੂੰ ਅਗਵਾ ਕਿਸ ਨੇ ਕੀਤਾ? ਇਹ ਸਭ ਅਕਾਲੀ ਦਲ ਦੇ ਗੁੰਡਾਰਾਜ ਦੀਆਂ ਨਿਸ਼ਾਨੀਆਂ ਹਨ। ਜਿਹੜੇ ਅਪਰਾਧੀ ਉਸ ਸਮੇਂ ਮਹਿੰਗੀਆਂ ਗੱਡੀਆਂ ’ਤੇ ਹੂਟਰ ਅਤੇ ਸਪੀਕਰ ਲਗਾ ਕੇ ਬੇਖੌਫ਼ ਘੁੰਮਦੇ ਸਨ, ਉਹੀ ਅੱਗੇ ਚੱਲ ਕੇ ਗੈਂਗਸਟਰ ਬਣੇ।
ਉਹਨਾ ਕਿਹਾ ਕਿ 2007 ਤੋਂ 2012 ਦੇ ਵਿਚਕਾਰ ਪੰਜਾਬ ਵਿੱਚ ਨਸ਼ਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਅਤੇ 2012 ਵਿੱਚ ਸਰਕਾਰ ਰਿਪੀਟ ਹੋਣ ਤੋਂ ਬਾਅਦ ਚਿੱਟਾ ਆਪਣੇ ਸਿਖਰ ’ਤੇ ਪਹੁੰਚ ਗਿਆ। ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦਾ ਪਾਪ ਸੁਖਬੀਰ ਬਾਦਲ ਦੇ ਸਿਰ ਹੈ।
ਜਦੋਂ ਪੁਲਸ ਚਿੱਟਾ ਤਸਕਰਾਂ ਨੂੰ ਫੜਦੀ ਸੀ, ਤਾਂ ਅੱਧੇ ਘੰਟੇ ਦੇ ਅੰਦਰ ਹੀ ਅਕਾਲੀ ਆਗੂਆਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਮੰਤਰੀਆਂ ਦੀਆਂ ਸਿਫ਼ਾਰਸ਼ਾਂ ਪਹੁੰਚ ਜਾਂਦੀਆਂ ਸਨ।
ਅੱਜ ਉਹੀ ਸੁਖਬੀਰ ਬਾਦਲ ਪਹਿਲੀ ਮੀਟਿੰਗ ਵਿੱਚ ਕਾਰਵਾਈ ਦੀ ਗੱਲ ਕਰ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਹਾਸੋਹੀਣਾ ਹੈ।ਅੱਜ ਜਦੋਂ ਮਾਨ ਸਰਕਾਰ ਇਨ੍ਹਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰ ਰਹੀ ਹੈ, ਤਾਂ ਸੁਖਬੀਰ ਬਾਦਲ ਨੂੰ ਮੁੜ ਸੱਤਾ ਦੀ ਭੁੱਖ ਸਤਾ ਰਹੀ ਹੈ, ਤਾਂ ਜੋ ਉਹ ਦੁਬਾਰਾ ਉਹੀ ਪੁਰਾਣਾ ਨਸ਼ੇ ਦਾ ਸਾਮਰਾਜ ਖੜ੍ਹਾ ਕਰ ਸਕਣ।




