ਚੰਡੀਗੜ੍ਹ : ਬੀਤੀ 9 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਦੀ ਫਿਲਾਸਫੀ ’ਤੇ ਅਯੋਜਿਤ ਕੀਤੇ ਸੈਮੀਨਾਰ ਵਿਚ ਆਰ ਐੱਸ ਐੱਸ ਦੀ ਉਤਰੀ ਭਾਰਤ ਸ਼ਾਖਾ ਦੇ ਪ੍ਰਮੁੱਖ ਰਨਵੀਰ ਰਾਣਾ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਏ ਜਾਣ ’ਤੇ ਪੰਜਾਬ ਸੀ ਪੀ ਆਈ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਰ ਐੱਸ ਐੱਸ ਮੁਖੀ ਨੂੰ ਮੁੱਖ ਮਹਿਮਾਨ ਵਜੋਂ ਨਿਵਾਜੇ ਜਾਣ ਵਿਰੁੱਧ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੁਰਅਮਨ ਰੋਸ ਪ੍ਰਗਟ ਕਰਨ ਦਾ ਪੂਰਾ ਸਮਰਥਨ ਕਰਦਿਆਂ ਆਖਿਆ ਕਿ ਆਰ ਐੱਸ ਐੱਸ, ਜਿਹੜੀ ਨਿਰੋਲ ਜ਼ਹਿਰ ਫੈਲਾ ਕੇ ਘੱਟ ਗਿਣਤੀਆਂ ਵਿਰੁੱਧ ਦੰਗੇ ਭੜਕਾਉਣ ਲਈ ਜ਼ਿੰਮੇਵਾਰ ਹੈ ਅਤੇ ਦੇਸ਼ ਦੀ ਆਜ਼ਾਦੀ ਲਹਿਰ ਵਿਰੁੱਧ ਗਦਾਰੀ ਕਰਕੇ ਅੰਗਰੇਜ਼ੀ ਸਾਮਰਾਜਵਾਦ ਦੇ ਪਿੱਠੂਆਂ ਦੀ ਭੂਮਿਕਾ ਨਿਭਾਉਦੀ ਰਹੀ ਹੈ, ਉਸ ਦੇ ਆਗੂਆਂ ਨੂੰ ਪੰਜਾਬ ਯੂਨੀਵਰਸਿਟੀ ਵਿਚ ਮੁੱਖ ਮਹਿਮਾਨ ਬਣਾ ਕੇ ਨਿਵਾਜਣਾ ਗੁਰੂਆਂ ਦੀ ਵਿਚਾਰਧਾਰਾ ਦਾ ਅਪਮਾਨ ਕਰਨ ਵਾਲੀ ਗੱਲ ਹੈ, ਜਿਸ ਨੂੰ ਪੰਜਾਬ ਦੀਆਂ ਗੁਰੂਆਂ ਦੀ ਸਾਂਝੀਵਾਲਤਾ ਅਤੇ ਧਰਮ ਨਿਰਪੱਖ ਫਿਲਾਸਫੀ ਵਾਲੀਆਂ ਨੀਤੀਆਂ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ. ਸਾਥੀ ਬਰਾੜ ਨੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ, ਤਾਂ ਜੋ ਆਰ ਐੱਸ ਐੱਸ ਨੂੰ ਪੰਜਾਬ ਦੇ ਪੁਰਅਮਨ ਮਹੌਲ ਨੂੰ ਖਰਾਬ ਕਰਨ ਦਾ ਕੋਈ ਵੀ ਮੌਕਾ ਪ੍ਰਦਾਨ ਨਾ ਕੀਤਾ ਜਾ ਸਕੇ।





