ਗੁਰਦਾਸਪੁਰ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਇਤਿਹਾਸਕ ਪਿੰਡ ਕਾਲਾ ਅਫਗਾਨਾ ਦੀ ਪਾਰਟੀ ਇਕਾਈ ਦੇ ਸਹਿਯੋਗ ਨਾਲ ਆਪਣੇ ਵਿਛੜ ਚੁੱਕੇ ਸਾਥੀਆਂ ਗੁਰਬਖਸ਼ ਸਿੰਘ, ਹਰਬੰਸ ਸਿੰਘ ਚੀਮਾ, ਸਾਧੂ ਸਿੰਘ, ਕੁਲਵੰਤ ਸਿੰਘ ਬੋਪਾਰਾਏ ਅਤੇ ਅੱਤਵਾਦ ਦੌਰਾਨ ਸ਼ਹੀਦ ਹੋਏ ਬਲਜੀਤ ਸਿੰਘ (ਪੱਪੂ) ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਕਾਮਰੇਡ ਤੇਜਾ ਸਿੰਘ ਸੁਤੰਤਰ ਯਾਦਗਾਰੀ ਲਾਇਬਰੇਰੀ ਦੇ ਮੈਦਾਨ ਵਿੱਚ ਸਮਾਗਮ ਕਰਵਾਇਆ। ਇਸ ਸਮਾਗਮ ਨੂੰ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਜਿਥੇ ਵਿਛੜੇ ਸਾਥੀਆਂ ਨੂੰ ਸ਼ਰਧਾਜਲੀ ਭੇਟ ਕੀਤੀ, ਉਥੇ ਉਹਨਾ ਵੱਲੋਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉਪਰ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਜੰਗ ਸਾਰੀਆਂ ਕੌਮਾਤਰੀ ਸੰਧੀਆਂ ਅਤੇ ਯੂ ਐਨ ਓ ਚਾਰਟਰ ਦੇ ਨਿਯਮਾਂ ਦੇ ਵਿਰੁੱਧ ਹੈ। ਇਸ ਜੰਗ ਰਾਹੀਂ ਬੇਗੁਨਾਹ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾ ਈਰਾਨ ਦੇ ਇੱਕ ਸਕੂਲ ਉਪਰ ਕੀਤੇ ਹਮਲੇ ਅੰਦਰ 160 ਦੇ ਕਰੀਬ ਸਕੂਲੀ ਬੱਚੀਆਂ ਦੀ ਮੌਤ ਨੂੰ ਮਨੁੱਖਤਾ ਖਿਲਾਫ ਘਿਨਾਉਣਾ ਅਪਰਾਧ ਦੱਸਿਆ।ਉਹਨਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਚੁੱਪ ’ਤੇ ਗੰਭੀਰ ਸਵਾਲ ਖੜੇ ਕਰਦਿਆਂ ਕਿਹਾ ਕਿ ਈਰਾਨ ਭਾਰਤ ਦਾ ਮਿੱਤਰ ਦੇਸ਼ ਸੀ। ਦੇਸ਼ ਦੇ ਹਾਕਮਾਂ ਨੇ ਉਸ ਨਾਲ ਖੜਨ ਦੀ ਜਗ੍ਹਾ ਜੰਗਬਾਜ਼ਾਂ ਦਾ ਸਾਥ ਦੇ ਕਿ ਦੇਸ਼ ਨੂੰ ਤੇਲ ਅਤੇ ਗੈਸ ਸੰਕਟ ਅੰਦਰ ਧੱਕ ਦਿੱਤਾ ਹੈ। ਅੱਜ ਦੇਸ਼ ਅੰਦਰ ਗੈਸ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਤੇਲ ਦੇ ਸੰਕਟ ਨਾਲ ਆਉਣ ਵਾਲੇ ਸਮੇਂ ਅੰਦਰ ਮਹਿੰਗਾਈ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਗਏ ਕਰ ਮੁਕਤ ਵਪਾਰ ਸਮਝੌਤੇ ਬਾਰੇ ਬੋਲਦਿਆਂ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਦੀ ਮੌਤ ਦੇ ਵਰੰਟ ’ਤੇ ਹਸਤਾਖਰ ਹਨ। ਉਹਨਾ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਸਮਝੌਤੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਰੱਖੇ। ਜੇਕਰ ਸਰਕਾਰ ਨੇ ਅਮਰੀਕਾ ਦੇ ਦਬਾਅ ਅੱਗੇ ਝੁਕਦਿਆਂ ਇਸ ਸਮਝੌਤੇ ਨੂੰ ਲਾਗੂ ਕੀਤਾ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੂਰੇ ਦੇਸ਼ ਅੰਦਰ ਇੱਕ ਵੱਡਾ ਅੰਦੋਲਨ ਦੇਸ਼ ਦੇ ਕਿਸਾਨਾਂ ਮਜ਼ਦੂਰਾ, ਮੁਲਾਜ਼ਮਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਦੀ ਤਿਆਰੀ ਵਜੋਂ ਪੰਜਾਬ ਅੰਦਰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਾਮਰਾਜ ਵਿਰੋਧੀ” ਦਿਨ ਮਨਾਉਣ ਦੇ ਸੱਦੇ ਤਹਿਤ ਕੀਤੀ ਜਾ ਰਹੀ ਹੈ। ਉਹਨਾ ਲੋਕਾਂ ਨੂੰ ਇਸ ਦਿਨ ਨੂੰ ਵੱਡੀ ਪੱਧਰ ’ਤੇ ਮਨਾਉਣ ਦਾ ਸੱਦਾ ਦਿੱਤਾ। ਕਾਨਫਰੰਸ ਅੰਦਰ ਮਤਾ ਪਾਸ ਕਰਕੇ ਇਸ ਸਰਹੱਦੀ ਜ਼ਿਲ੍ਹੇ ਦੇ ਪਿੰਡ ਆਧੀਆਂ ਦੇ ਨੌਜਵਾਨ ਰਣਜੀਤ ਸਿੰਘ ਦੀ ਝੂਠੇ ਪੁਲਸ ਮੁਕਾਬਲੇ ਦੀ ਜੁਡੀਸ਼ੀਅਲ ਇਨਕੁਆਰੀ ਦੀ ਮੰਗ ਕੀਤੀ ਗਈ ਤੇ ਪੰਜਾਬ ਅੰਦਰ ਅੰਦੋਲਨ ਕਰ ਰਹੇ ਹਰ ਵਰਗ ਦੇ ਲੋਕਾਂ ਉਪਰ ਪੁਲਸ ਜਬਰ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਕੋਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ, ਬਿਜਲੀ ਬਿੱਲ ਅਤੇ ਬੀਜ ਬਿੱਲ ਨੂੰ ਵਾਪਸ ਲੈਣ, ਚਾਰ ਲੇਬਰ ਕੋਡ ਰੱਦ ਕਰਨ, ਮਨਰੇਗਾ ਕਨੂੰਨ ਨੂੰ ਮੂਲ ਰੂਪ ਵਿੱਚ ਬਹਾਲ ਕਰਨ ਅਤੇ ਕਿਸਾਨਾਂ ਮਜਦੂਰਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਗਈ।
ਕਾਨਫਰੰਸ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਠੱਕਰ ਸੰਧੂ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਗੁਲਜਾਰ ਸਿੰਘ ਬਸੰਤਕੋਟ, ਕਿਸਾਨ ਆਗੂ ਬਲਦੇਵ ਸਿਘ ਖਹਿਰਾ, ਸੁਖਦੇਵ ਸਿੰਘ ਉੱਦੋਵਾਲੀ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਿਲਬਾਗ ਸਿੰਘ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬਖਸ਼ੀਸ਼ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਵਿਛੜੇ ਆਗੂਆਂ ਦੇ ਪਰਵਾਰਕ ਮੈਂਬਰਾਂ ਵਿੱਚੋਂ ਗੁਰਬਖਸ਼ ਸਿੰਘ ਦੀ ਪੁੱਤਰੀ ਸੁਰਿੰਦਰ ਕੌਰ, ਭਾਣਜੇ ਹਰਿੰਦਰ ਸਿੰਘ ਅਤੇ ਅਮਨਜੋਤ ਸਿੰਘ ਬੋਪਾਰਾਏ, ਹਰਬੰਸ ਸਿੰਘ ਚੀਮਾ ਦੀ ਬੇਟੀ ਤੋਂ ਇਲਾਵਾ ਰੋਡਵੇਜ਼ ਆਗੂ ਗੁਰਜੀਤ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ ਸਾਬਕਾ ਸਰਪੰਚ ਕਾਲਾ ਅਫਗਾਨਾ ਹਾਜ਼ਰ ਸਨ। ਸਟੇਜ ਸਕੱਤਰ ਦੀ ਡਿਊਟੀ ਕੁਲਦੀਪ ਸਿੰਘ ਚੀਮਾ ਨੇ ਨਿਭਾਈ|





