ਬੀਜਿੰਗ ਦੀ ’ਵਰਸਿਟੀ ਪੰਜਾਬੀ ਪੜ੍ਹਾਏਗੀ

0
9

ਬੀਜਿੰਗ : ਚੀਨ ਦੀ ‘ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ’ ਨੇ ਆਪਣੇ ਵਿਦੇਸ਼ੀ ਅਤੇ ਭਾਰਤੀ ਭਾਸ਼ਾਵਾਂ ਦੇ ਕੋਰਸਾਂ ਵਿੱਚ ਹੁਣ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰ ਲਿਆ ਹੈ| ਪੰਜਾਬੀ ਇਸ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਣ ਵਾਲੀ 102ਵੀਂ ਭਾਸ਼ਾ ਬਣ ਗਈ ਹੈ| ਇਸ ਤੋਂ ਪਹਿਲਾਂ ਇੱਥੇ ਹਿੰਦੀ, ਤਾਮਿਲ ਅਤੇ ਉਰਦੂ ਸਮੇਤ 101 ਭਾਸ਼ਾਵਾਂ ਪੜ੍ਹਾਈਆਂ ਜਾ ਰਹੀਆਂ ਹਨ| ਇਹ ਕੋਰਸ ਮੁੱਖ ਤੌਰ ’ਤੇ ਚੀਨੀ ਵਿਦਿਆਰਥੀਆਂ, ਡਿਪਲੋਮੈਟਾਂ ਅਤੇ ਸਰਕਾਰੀ ਅਧਿਕਾਰੀਆਂ ਲਈ ਹੁੰਦੇ ਹਨ, ਤਾਂ ਕਿ ਉਹ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਰ ਹੋ ਸਕਣ| ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਸਿਖਾਉਣ ਲਈ ਬਠਿੰਡਾ ਦੀ ਕੇਂਦਰੀ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਅਤੇ ਡੀਨ ਡਾ. ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਨਿਯੁਕਤ ਕੀਤਾ ਹੈ| ਡਾ. ਕੌਰ ਨੇ ਦੱਸਿਆ ਕਿ ਉਹ ਉੱਥੇ ਸਿਰਫ ਭਾਸ਼ਾ ਹੀ ਨਹੀਂ, ਸਗੋਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵੀ ਪੜ੍ਹਾਉਣਗੇ| ਇਸ ਤੋਂ ਇਲਾਵਾ ਉਨ੍ਹਾ ਦੀ ਇੱਕ ਅਹਿਮ ਜ਼ਿੰਮੇਵਾਰੀ ਚੀਨੀ ਅਧਿਆਪਕਾਂ ਨੂੰ ਸਿਖਲਾਈ ਦੇਣਾ ਹੋਵੇਗੀ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਖੁਦ ਚੀਨੀ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾ ਸਕਣ|