ਚੰਡੀਗੜ੍ਹ : ਕਾਂਗਰਸ ਨੇ ਉਨ੍ਹਾਂ ਚਾਰ ਵਿਧਾਇਕਾਂ ਦੇ ਨਾਂਅ ਜਨਤਕ ਕਰ ਦਿੱਤੇ ਹਨ, ਜਿਨ੍ਹਾਂ ‘ਤੇ ਹਰਿਆਣਾ ਤੋਂ ਰਾਜ ਸਭਾ ਲਈ ਚੋਣਾਂ ਵੇਲੇ ਕਰਾਸ-ਵੋਟਿੰਗ ਦੇ ਇਲਜ਼ਾਮ ਲੱਗੇ ਹਨ | ਇਸ ਨਾਲ ਪਾਰਟੀ ਦੀ ਅੰਦਰੂਨੀ ਫੁੱਟ ਸਾਹਮਣੇ ਆ ਗਈ ਹੈ | ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਕਾਂਗਰਸ ਦੇ ਇੰਚਾਰਜ ਬੀ ਕੇ ਹਰੀਪ੍ਰਸਾਦ ਨੇ ਦੱਸਿਆ ਕਿ ਸ਼ੈਲੀ ਚੌਧਰੀ (ਨਾਰਾਇਣਗੜ੍ਹ), ਮੁਹੰਮਦ ਇਲਿਆਸ (ਪੁਨਹਾਨਾ), ਮੁਹੰਮਦ ਇਸਰਾਈਲ (ਹਥੀਨ) ਅਤੇ ਰੇਣੂਬਾਲਾ (ਸਾਢੌਰ) ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ | ਉਨ੍ਹਾ ਕਿਹਾ ਕਿ ਇਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾਣਗੇ |
ਇਹ ਘਟਨਾਕ੍ਰਮ ਕਾਂਗਰਸੀ ਵਿਧਾਇਕ ਗੋਕੁਲ ਸੇਤੀਆ ਵੱਲੋਂ ਪਾਰਟੀ ਦਫਤਰ ਦੇ ਬਾਹਰ ਦਿੱਤੇ ਗਏ ਧਰਨੇ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਕਰਾਸ-ਵੋਟਿੰਗ ਕਰਨ ਵਾਲੇ ਵਿਧਾਇਕਾਂ ਦੇ ਨਾਂਅ ਨਸ਼ਰ ਕਰਨ ਦੀ ਮੰਗ ਕੀਤੀ ਸੀ | ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਦਖਲ ਅਤੇ ਭਰੋਸੇ ਤੋਂ ਬਾਅਦ ਇਹ ਧਰਨਾ ਖਤਮ ਕੀਤਾ ਗਿਆ | ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ |




