ਨਵੀਂ ਦਿੱਲੀ : ਗੁਰੂਗ੍ਰਾਮ ਵਿਖੇ ਭਾਰਤੀ ਜਲ ਸੈਨਾ ਵੱਲੋਂ ਚਲਾਏ ਜਾਂਦੇ ‘ਇਨਫਰਮੇਸ਼ਨ ਫਿਊਜ਼ਨ ਸੈਂਟਰ-ਇੰਡੀਅਨ ਓਸ਼ਨ ਰੀਜਨ’ (ਆਈ ਐੱਫ ਸੀ-ਆਈ ਓ ਆਰ) ਨੇ ਇੱਕ ਮੁਲਾਂਕਣ ‘ਚ ਦੱਸਿਆ ਹੈ ਕਿ ਹਾਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਹਾਲਾਤ ਲਗਾਤਾਰ ਬਦਲ ਰਹੇ ਹਨ ਅਤੇ ਖਤਰਾ ਪੂਰਬ ਵੱਲ ਯਾਨੀ ਕਿ ਓਮਾਨ ਦੀ ਖਾੜੀ ਵੱਲ ਵਧ ਰਿਹਾ ਹੈ | ਆਈ ਐੱਫ ਸੀ-ਆਈ ਓ ਆਰ ਇੱਕ ਬਹੁਦੇਸ਼ੀ ਢਾਂਚਾ ਹੈ, ਜਿਸ ਵਿੱਚ ਕਈ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹਨ ਅਤੇ 20 ਤੋਂ ਵੱਧ ਦੇਸ਼ ਵਪਾਰਕ ਜਹਾਜ਼ਾਂ ਬਾਰੇ ਡਾਟਾ ਸਾਂਝਾ ਕਰ ਰਹੇ ਹਨ ਤਾਂ ਜੋ ਇੱਕ ਸਾਂਝੀ ਰਣਨੀਤੀ ਬਣਾਈ ਜਾ ਸਕੇ | ਮੰਗਲਵਾਰ ਰਾਤ ਨੂੰ ਆਪਣੇ ਅਪਡੇਟ ਵਿੱਚ ਉਸ ਨੇ ਕਿਹਾ, ”ਹਾਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਦੇ ਹਾਲਾਤ ਲਗਾਤਾਰ ਬਦਲ ਰਹੇ ਹਨ, ਕਿਉਂਕਿ ਖਤਰੇ ਵਾਲੀਆਂ ਗਤੀਵਿਧੀਆਂ ਪੂਰਬ ਵੱਲ ਨੂੰ ਵਧ ਰਹੀਆਂ ਹਨ |” ਹਾਰਮੁਜ਼ ਜਲਮਾਰਗ ਦੇ ਪੂਰਬ ਵਿੱਚ, ਖਾਸ ਕਰਕੇ ਓਮਾਨ ਦੀ ਖਾੜੀ ‘ਚ ਛੇ ਸਮੁੰਦਰੀ ਜਹਾਜ਼ਾਂ ਨਾਲ ਵਾਪਰੇ ਹਾਦਸਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੋਖਮ ਵਧ ਰਿਹਾ ਹੈ, ਜਿਸ ਕਰਕੇ ਊਰਜਾ ਤੇ ਵਸਤੂਆਂ ਦੀ ਸਪਲਾਈ ਚੇਨਾਂ ‘ਤੇ ਦਬਾਅ ਬਣਿਆ ਰਹੇਗਾ ਅਤੇ ਜੰਗੀ ਜੋਖਮ ਬੀਮਾ ਪ੍ਰੀਮੀਅਮ ਵੀ ਮਹਿੰਗੇ ਰਹਿਣਗੇ | ਉੱਥੇ ਹੀ ਇੱਕ ਵੱਖਰਾ ਕਦਮ ਚੁੱਕਦਿਆਂ ਭਾਰਤੀ ਜਲ ਸੈਨਾ ਨੇ ਈਰਾਨ ਅਤੇ ਓਮਾਨ ਦੇ ਵਿਚਕਾਰ ਮਹੱਤਵਪੂਰਨ ਹਾਰਮੁਜ਼ ਜਲਮਾਰਗ ਤੋਂ ਹੋ ਕੇ ਲੰਘਣ ਵਾਲੇ ਐੱਲ ਪੀ ਜੀ ਅਤੇ ਕੱਚੇ ਤੇਲ ਦੇ ਜਹਾਜ਼ਾਂ ਨੂੰ ਸੁਰੱਖਿਆ ਦੇਣ ਲਈ ਆਪਣੀ ਤਾਇਨਾਤੀ ਵਧਾ ਦਿੱਤੀ ਹੈ | ਹੁਣ ਤੱਕ ਹਾਰਮੁਜ਼ ਸੰਕਟ ਲਈ ਨਿਗਰਾਨੀ ਜਹਾਜ਼ਾਂ ਅਤੇ ਯੂ ਏ ਵੀਜ਼ (ਡਰੋਨ) ਤੋਂ ਇਲਾਵਾ 6 ਤੋਂ 8 ਜਹਾਜ਼ ਡਿਊਟੀ ‘ਤੇ ਹਨ | ਸੂਤਰਾਂ ਨੇ ਦੱਸਿਆ ਕਿ ਜਲ ਸੈਨਾ ਨੇ ਦੋ ਟਾਸਕ ਫੋਰਸਾਂ ਕਾਇਮ ਕੀਤੀਆਂ ਹਨ ਅਤੇ ਹਾਰਮੁਜ਼-ਡਿਊਟੀ ‘ਤੇ ਜੰਗੀ ਜਹਾਜ਼ਾਂ ਦੀ ਗਿਣਤੀ ਐਤਵਾਰ ਨੂੰ ਤਾਇਨਾਤ ਤਿੰਨ ਜੰਗੀ ਜਹਾਜ਼ਾਂ ਤੋਂ ਵੱਧ ਹੋ ਗਈ ਹੈ | ਇਸ ਸਮੇਂ ਘੱਟੋ-ਘੱਟ ਛੇ ਤੋਂ ਅੱਠ ਜੰਗੀ ਜਹਾਜ਼ ਤਾਇਨਾਤ ਕੀਤੇ ਗਏ ਹਨ | ਇਹ ਕਦਮ ਭਾਰਤ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਸਤਾਵਤ ਕਿਸੇ ਵੀ ਬਹੁਦੇਸ਼ੀ ਗੱਠਜੋੜ ਵਿੱਚ ਸ਼ਾਮਲ ਹੋਏ ਬਿਨਾਂ ਸੁਤੰਤਰ ਤੌਰ ‘ਤੇ ਚੁੱਕ ਰਹੀ ਹੈ |
ਦੇਸ਼ ਵਿਚਲੇ ਸੂਤਰਾਂ ਨੇ ਤਾਇਨਾਤ ਕੀਤੇ ਗਏ ਫੌਜੀ ਸਾਜ਼ੋ-ਸਮਾਨ ਦੀ ਕਿਸਮ ਦਾ ਖੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਐੱਲ ਪੀ ਜੀ ਅਤੇ ਕੱਚੇ ਤੇਲ ਦੇ ਬੇੜੇ ਹਾਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਉਮੀਦ ਹੈ | ਜਲ ਸੈਨਾ ਦੇ ਤਿੰਨ ਮੋਹਰੀ ਜੰਗੀ ਜਹਾਜ਼ ਹਾਰਮੁਜ਼ ਦੇ ਬਿਲਕੁਲ ਬਾਹਰ ਓਮਾਨ ਦੀ ਖਾੜੀ ਵਿੱਚ ਤਾਇਨਾਤ ਕੀਤੇ ਗਏ ਸਨ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਐੱਲ ਪੀ ਜੀ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ | ਜੰਗੀ ਜਹਾਜ਼ ਆਪਣੇ ਬੋਰਡ ‘ਤੇ ਮੌਜੂਦ ਰਾਡਾਰਾਂ ਤੋਂ ਲਾਈਵ ਫੀਡ ਪ੍ਰਾਪਤ ਕਰਦੇ ਹਨ | ਇਸ ਤੋਂ ਇਲਾਵਾ ਉਨ੍ਹਾਂ ਨੂੰ ਸਵਦੇਸ਼ੀ ਉਪਗ੍ਰਹਿਆਂ, ਸਮੁੰਦਰੀ ਨਿਗਰਾਨੀ ਜਹਾਜ਼ਾਂ ਅਤੇ ਡਰੋਨਾਂ ਰਾਹੀਂ ਵੀ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਹਨ |
ਜਲ ਸੈਨਾ ਦੇ ਦੋ ਜੰਗੀ ਜਹਾਜ਼ ਸਾਊਦੀ ਅਰਬ ਦੇ ਪ੍ਰਾਇਦੀਪ ਦੇ ਦੱਖਣੀ ਸਮੁੰਦਰੀ ਖੇਤਰ ਵਿੱਚ ਤਾਇਨਾਤ ਹਨ, ਇੱਕ ਜਹਾਜ਼ 2008 ਤੋਂ ਅਦਨ ਦੀ ਖਾੜੀ ਵਿੱਚ ਸਮੁੰਦਰੀ ਡਾਕੂਆਂ ਵਿਰੁੱਧ ਕਾਰਵਾਈ ਲਈ ਅਤੇ ਦੂਜਾ 2019 ਤੋਂ ਓਮਾਨ ਦੀ ਖਾੜੀ ਵਿੱਚ ਮੌਜੂਦ ਹੈ | ਹਾਰਮੁਜ਼ ਵਿੱਚ ਸੰਕਟ ਕਾਰਨ ਇੱਕ ਹੋਰ ਜੰਗੀ ਜਹਾਜ਼ ਵਧਾਇਆ ਗਿਆ ਹੈ | ਭਾਰਤੀ ਜਲ ਸੈਨਾ ਕੋਲ ਓਮਾਨ ਦੀਆਂ ਡੁਕਮ ਅਤੇ ਸਲਾਲਾਹ ਬੰਦਰਗਾਹਾਂ ‘ਤੇ ਤੇਲ ਭਰਨ ਅਤੇ ਸਪਲਾਈ ਮੁੜ ਜਮ੍ਹਾਂ ਕਰਨ ਦਾ ਬਦਲ ਹੈ | ਕੌਮਾਂਤਰੀ ਸਮੁੰਦਰੀ ਮਾਰਗ ‘ਚ ਰੁਕਾਵਟਾਂ ਨੂੰ ਖਤਮ ਕਰਨ ਲਈ ਅਮਰੀਕੀ ਫੌਜ ਨੇ ਮੰਗਲਵਾਰ ਰਾਤ ਈਰਾਨ ਦੇ ਤੱਟਵਰਤੀ ਮਿਜ਼ਾਈਲ ਕੇਂਦਰਾਂ ‘ਤੇ ਭਾਰੀ ਬੰਬਾਰੀ ਕੀਤੀ | ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਹ ਕਾਰਵਾਈ ਹਾਰਮੁਜ਼ ਜਲਮਾਰਗ ਨੇੜੇ ਸਥਿਤ ਈਰਾਨ ਦੇ ਉਨ੍ਹਾਂ ਟਿਕਾਣਿਆਂ ‘ਤੇ ਕੀਤੀ ਗਈ ਹੈ, ਜੋ ਵਿਸ਼ਵ ਵਪਾਰਕ ਜਹਾਜ਼ਾਂ ਲਈ ਵੱਡਾ ਖਤਰਾ ਬਣੇ ਹੋਏ ਸਨ | ਇਸ ਹਮਲੇ ਵਿੱਚ ਅੱਤ-ਆਧੁਨਿਕ ‘ਡੀਪ ਪੈਨੀਟਰੇਟਰ’ ਹਥਿਆਰਾਂ ਦੀ ਵਰਤੋਂ ਕੀਤੀ ਗਈ ਤਾਂ ਜੋ ਜ਼ਮੀਨ ਦੇ ਅੰਦਰ ਬਣੇ ਮਜ਼ਬੂਤ ਮਿਜ਼ਾਈਲ ਅੱਡਿਆਂ ਨੂੰ ਤਬਾਹ ਕੀਤਾ ਜਾ ਸਕੇ |
ਇਹ ਫੌਜੀ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਬਹੁਕੌਮੀ ਸੁਰੱਖਿਆ ਬਲ ਬਣਾਉਣ ਦੀ ਯੋਜਨਾ ਨੂੰ ਨਾਟੋ ਦੇ ਸਹਿਯੋਗੀਆਂ ਅਤੇ ਜਾਪਾਨ ਵਰਗੇ ਦੇਸ਼ਾਂ ਵੱਲੋਂ ਠੰਢਾ ਹੁੰਗਾਰਾ ਮਿਲਿਆ ਸੀ | ਹਾਰਮੁਜ਼ ਦਾ ਇਹ 33 ਕਿੱਲੋਮੀਟਰ ਚੌੜਾ ਲਾਂਘਾ ਕੱਚੇ ਤੇਲ ਅਤੇ ਐੱਲ ਪੀ ਜੀ ਦੀ ਸਪਲਾਈ ਲਈ ਬੇਹੱਦ ਅਹਿਮ ਹੈ, ਜਿਸ ਦੀ ਨਾਕਾਬੰਦੀ ਕਾਰਨ ਵਿਸ਼ਵ ਪੱਧਰ ‘ਤੇ ਊਰਜਾ ਸੰਕਟ ਦਾ ਖਤਰਾ ਪੈਦਾ ਹੋ ਗਿਆ ਹੈ |



