20.4 C
Jalandhar
Sunday, December 22, 2024
spot_img

ਭਾਜਪਾ ਦਾ ਨਿਸ਼ਾਨਾ ਦੇਸ਼ ਨੂੰ ਕਾਰਪੋਰੇਟ ਰਾਸ਼ਟਰ ਬਣਾਉਣਾ : ਮਹੇਸਰੀ

ਕਰਨਪੁਰ, ਰਾਜਸਥਾਨ (ਰਾਜੇਸ਼ ਥਾਪਾ)
‘ਭਾਜਪਾ ਸਰਕਾਰ ਪੂਰੇ ਦੇਸ਼ ਨੂੰ ਨਿਲਾਮ ਕਰਕੇ ਇਸ ਨੂੰ ਕਾਰਪੋਰੇਟ ਰਾਸ਼ਟਰ ਬਣਾ ਰਹੀ ਹੈ। ਇਸ ਲਈ ਉਹ ਦੇਸ਼ ਦੇ ਵੋਟਰਾਂ ਦੀ ਹਿੰਦੂ ਬਹੁਗਿਣਤੀ ਨੂੰ ਵਿੱਦਿਆ, ਰੁਜ਼ਗਾਰ ਅਤੇ ਸਿਹਤ ਸੇਵਾਵਾਂ ਤੋਂ ਬੇਦਖ਼ਲ ਕਰਕੇ ਕੇਵਲ ਰਾਸ਼ਟਰਵਾਦ ਦੇ ਗੀਤ ਸੁਣਾ ਕੇ ਕੀਲਣ ਲਈ ਸਰਗਰਮ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਿਖੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਜੇ ਤੱਕ ਦੇਸ਼ ਵਿੱਚ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਬਰਾਬਰ ਦਾ ਸਮਾਜਕ ਰੁਤਬਾ ਦੇਣ ਬਾਰੇ ਸਰਕਾਰ ਬਦਨੀਤ ਹੈ, ਕਿਤੇ ਉਸ ਨੂੰ ਘੜੇ ਵਿੱਚੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ, ਕਿਤੇ ਉਸ ਨੂੰ ਜੰਗਲ ਵਿਚਲੀ ਘਾਹ-ਫੂਸ ਦੀ ਛੱਤ ਤੋਂ ਵੀ ਬੇਦਖ਼ਲ ਕਰ ਦਿੱਤਾ ਜਾਂਦਾ, ਕਿਤੇ ਪਹਿਰਾਵੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਿਤੇ ਖਾਣ-ਪੀਣ ਕਰਕੇ ਵੀ। ਉਹਨਾ ਕਿਹਾ ਕਿ ਸਰਕਾਰ ਲੋਕਾਂ ਅਤੇ ਕਾਰਪੋਰੇਟ ਘਰਾਣਿਆਂ ਦੌਰਾਨ ਸਿਖਰੀਂ ਪੁੱਜੀ ਦੌਲਤ ਦੀ ਕਾਣੀਵੰਡ ਉੱਤੇ ਪਰਦਾ ਪਾਉਣ ਲਈ ਦੇਸ਼ ਵਿੱਚ ਰੋਜ਼ਾਨਾ ਫਿਰਕੂ ਤਣਾਅ ਦੀ ਸਿਆਸਤ ਕਰ ਰਹੀ ਹੈ। ਸਰਕਾਰ ਵੱਲੋਂ ਸੱਤਾ ਹਾਸਲ ਕਰਨ ਲਈ ਐਲਾਨੇ ਸਲਾਨਾ ਦੋ ਕਰੋੜ ਰੁਜ਼ਗਾਰ ਦੀ ਬਜਾਏ ਜਵਾਨੀ ਨੂੰ ‘ਅਗਨੀਵੀਰ’ ਬਣਾ ਕੇ ਕੱਚੇ ਰੁਜ਼ਗਾਰ ਦਾ ਅਣਚਾਹਿਆ ਖ਼ਿਤਾਬ ਦਿੱਤਾ ਹੈ। ਦੇਸ਼ ਵਿੱਚ ਜਵਾਨੀ ਲਈ ਰੁਜ਼ਗਾਰ ਤਾਂ ਕੱਚਾ ਹੈ, ਪਰ ਕਾਰਪੋਰੇਟ ਘਰਾਣਿਆਂ ਨੂੰ ਰਾਸ਼ਟਰ ਲੁਟਾਉਣ ਦਾ ਸਰਕਾਰੀ ਪ੍ਰਬੰਧ ਪੱਕਾ ਹੈ। ਉਹਨਾ ਕਿਹਾ ਕਿ ਅੱਜ ਲੋੜ ਹੈ ਬੇਉਮੀਦ ਹੋਈ ਜਵਾਨੀ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝੇ, ਉਸ ਨੂੰ ਆਪਣੇ ਦੁਆਲੇ ਵਧ ਰਹੀਆਂ ਸਮੱਸਿਆਵਾਂ ਦੇ ਹੱਲ ਭਗਤ ਸਿੰਘ ਦੀਆਂ ਲਿਖਤਾਂ ਵਿੱਚੋਂ ਨਜ਼ਰ ਆਉਣਗੇ। ਅੱਜ ਲੋੜ ਹੈ ਦੇਸ਼ ਦੀ 40 ਕਰੋੜ ਤੋਂ ਵਧੇਰੇ ਰੁਜ਼ਗਾਰ ਤੋਂ ਸੱਖਣੀ ਵਸੋਂ ਲਈ ਪੱਕੇ ਰੁਜ਼ਗਾਰ ਦਾ ਕਾਨੂੰਨ ਬਣੇ। ਅੱਜ ਲੋੜ ਹੈ ਕਿ ਠੇਕੇ ਉੱਤੇ ਆਰਜ਼ੀ ਭਰਤੀ ਬੰਦ ਕਰਕੇ, ਪਾਰਲੀਮੈਂਟ ਅੰਦਰ ਸਭ ਲਈ ਪੱਕੇ ਰੁਜ਼ਗਾਰ ਦਾ ਕਾਨੂੰਨ ਬਣਾਇਆ ਜਾਵੇ। ਇਹ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ) ਦੇਸ਼ ਦੇ 18 ਤੋਂ 58 ਸਾਲ ਦੇ ਹਰੇਕ ਬਾਲਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਯੋਗਤਾ ਅਨੁਸਾਰ ਪੱਕੇ ਰੁਜ਼ਗਾਰ ਦੀ ਗਰੰਟੀ ਦੇਵੇ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਮਾਨ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਨਿਤਨ ਬਾਗੜੀ, ਸੂਬਾਈ ਆਗੂ ਐਡਵੋਕੇਟ ਰੋਸ਼ਨ ਰਾਠੌੜ ਤੇ ਗਗਨਦੀਪ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਜਵਾਨੀ ਵਾਸਤੇ ਪੱਕੇ ਰੁਜ਼ਗਾਰ ਦੀ ਗਰੰਟੀ ਵਾਸਤੇ ਲਾਮਬੰਦੀ ਕੀਤੀ ਜਾਵੇਗੀ। ਭਗਤ ਸਿੰਘ ਦੇ ਨਾਂਅ ਉੱਤੇ ਕਾਨੂੰਨ ਸਥਾਪਤ ਕਰਨਾ ਜਿੱਥੇ ਉਹਨਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਵਧਣਾ ਹੈ, ਉੱਥੇ ਜਵਾਨੀ ਦੀ ਦਿਨੋ-ਦਿਨ ਡਾਵਾਂਡੋਲ ਹੋ ਰਹੀ ਜ਼ਿੰਦਗੀ ਨੂੰ ਲੀਹ ਉੱਤੇ ਲਿਆਉਣਾ ਹੈ। ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਕਾਲਜਾਂ ਦੇ ਸਰਕਾਰੀਕਰਨ ਨੂੰ ਲੈ ਕੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਨੀਰਜ, ਅਧਿਆਪਕ ਆਗੂ ਸਰਦੂਲ ਸਿੰਘ, ਬਲਕਰਨ ਸਿੰਘ ਤੇ ਜਸਕਰਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Related Articles

LEAVE A REPLY

Please enter your comment!
Please enter your name here

Latest Articles