ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦਾ ਸਨਿੱਚਰਵਾਰ ਸਵੇਰੇ ਚੰਡੀਗੜ੍ਹ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾ ਆਪਣਾ ਸਿਆਸੀ ਸਫਰ 1980 ਦੇ ਦਹਾਕੇ ਵਿੱਚ ਕਾਂਗਰਸ ਨਾਲ ਸ਼ੁਰੂ ਕੀਤਾ ਸੀ। ਸੰਗਠਨ ਦੇ ਪੱਧਰ ‘ਤੇ ਸਰਗਰਮ ਰਹਿੰਦਿਆਂ ਉਨ੍ਹਾ ਪਟਿਆਲਾ ਖੇਤਰ ਵਿੱਚ ਮਜ਼ਬੂਤ ਪਕੜ ਬਣਾਈ ਅਤੇ ਹੌਲੀ-ਹੌਲੀ ਇੱਕ ਪ੍ਰਭਾਵਸ਼ਾਲੀ ਆਗੂ ਵਜੋਂ ਉਭਰੇ। ਉਹ 1992 ਵਿੱਚ ਪਹਿਲੀ ਵਾਰ ਪਟਿਆਲਾ ਦਿਹਾਤੀ ਤੋਂ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ 2002, 2007 ਤੇ 2012 ਵਿੱਚ ਵੀ ਜਿੱਤ ਦਰਜ ਕੀਤੀ। ਉਨ੍ਹਾ ਕੈਬਨਿਟ ਮੰਤਰੀ ਵਜੋਂ ਖੁਰਾਕ ਅਤੇ ਸਪਲਾਈ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਈ।




