109 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਤ

0
1

ਫਤਿਹਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)
ਪੰਜਾਬ ਵਿੱਚ ਆਪਣੇ ਪ੍ਰਮੁੱਖ ਸਿਹਤ ਸੰਭਾਲ ਮਾਡਲ ਨੂੰ ਵੱਡਾ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਨਿੱਚਰਵਾਰ 109 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਤ ਕੀਤੇ, ਜਿਸ ਨਾਲ ਰਾਜ ਵਿੱਚ ਅਜਿਹੇ ਕਲੀਨਿਕਾਂ ਦੀ ਕੁੱਲ ਗਿਣਤੀ ਚਾਰ ਸਾਲਾਂ ਦੇ ਅੰਦਰ 990 ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ 400 ਹੋਰ ਕਲੀਨਿਕ ਵੀ ਖੋਲ੍ਹੇ ਜਾਣਗੇ। ਸਰਕਾਰ ਦੇ ਸਿਹਤ ਮਾਡਲ ਨੂੰ ਜਨਤਕ ਸਿਹਤ ਸੰਭਾਲ ਢਾਂਚੇ ਦੇ ਵੱਡੇ ਪੱਧਰ ‘ਤੇ ਵਿਸਥਾਰ ਵਜੋਂ ਪੇਸ਼ ਕਰਦੇ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਲੀਨਿਕ 107 ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕਰ ਰਹੇ ਹਨ। ਇਸ ਸਿਹਤ ਨੈੱਟਵਰਕ ਤਹਿਤ ਹੁਣ ਤੱਕ ਤਕਰੀਬਨ 5 ਕਰੋੜ ਓ ਪੀ ਡੀ ਵਿਜ਼ਿਟ ਦਰਜ ਕੀਤੀਆਂ ਗਈਆਂ ਹਨ।ਉਹਨਾ ਕਿਹਾ ਕਿ ਸਰਕਾਰ 65 ਲੱਖ ਪਰਵਾਰਾਂ ਨੂੰ ਸਿਹਤ ਕਾਰਡ ਜਾਰੀ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 30 ਲੱਖ ਕਾਰਡ ਪਹਿਲਾਂ ਹੀ ਬਣ ਚੁੱਕੇ ਹਨ ਅਤੇ 1.65 ਲੱਖ ਲੋਕਾਂ ਨੇ ਇਸ ਨਾਲ ਇਲਾਜ ਦਾ ਲਾਭ ਉਠਾਇਆ ਲਿਆ ਹੈ। ਆਪਣੇ ਵਿਰੁੱਧ ਦੋਸ਼ਾਂ ਅਤੇ ਕਾਨੂੰਨੀ ਕਾਰਵਾਈਆਂ ਦਾ ਹਵਾਲਾ ਦਿੰਦੇ ਦਿੰਦਿਆਂ ਉਨ੍ਹਾ ਕਿਹਾ ਕਿ ਸਾਡੀ ਪਾਰਟੀ ਦੀ ‘ਕੰਮ ਦੀ ਰਾਜਨੀਤੀ’ ਨੂੰ ਰੋਕਣ ਲਈ ਮੈਨੂੰ ਅਤੇ ਮੇਰੀ ਪਾਰਟੀ ਦੇ ਹੋਰ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਜੇਲ੍ਹ ਭੇਜਿਆ ਗਿਆ। ਉਨ੍ਹਾ ਕਿਹਾ ਕਿ ਅਦਾਲਤ ਨੂੰ ਉਨ੍ਹਾ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਅਤੇ ਅਦਾਲਤ ਦੇ ਫ਼ੈਸਲੇ ਨੇ ਉਨ੍ਹਾ ਦੀ ਕੱਟੜ ਇਮਾਨਦਾਰੀ ਨੂੰ ਕਾਇਮ ਰੱਖਿਆ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਨਾਲ ਤੁਲਨਾ ਕਰਦਿਆਂ ਪੰਜਾਬ ਦੇ ਵੋਟਰਾਂ ਨੂੰ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸਾਵਧਾਨ ਕਰਦਿਆਂ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਉਹ ਦਿੱਲੀ ਵਾਂਗ ਮੁਫਤ ਬਿਜਲੀ, ਸਿਹਤ ਸੰਭਾਲ ਅਤੇ ਹੋਰ ਜਨਤਕ ਸੇਵਾਵਾਂ ਵਰਗੇ ਭਲਾਈ ਉਪਾਵਾਂ ਨੂੰ ਵਾਪਸ ਲੈ ਲਵੇਗੀ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ ਰਾਜ ਕੀਤਾ, ਪਰ ਉਨ੍ਹਾਂ ਵੱਲੋਂ ਅਜਿਹਾ ਇੱਕ ਵੀ ਕਲੀਨਿਕ ਨਹੀਂ ਖੋਲ੍ਹਿਆ ਗਿਆ, ਜਿੱਥੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਅਤੇ ਗੁਣਵੱਤਾ ਵਾਲਾ ਇਲਾਜ ਮਿਲ ਸਕੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ—ਇਸ ਸਟੇਜ ਤੋਂ ਅਸੀਂ ਸਿੱਖਿਆ, ਸਿਹਤ, ਬਿਜਲੀ, ਖੇਤੀਬਾੜੀ ਅਤੇ ਹੋਰ ਖੇਤਰਾਂ ਬਾਰੇ ਗੱਲ ਕਰ ਰਹੇ ਹਾਂ, ਜਦੋਂ ਕਿ ਦੂਜੀਆਂ ਪਾਰਟੀਆਂ ਦੀਆਂ ਸਟੇਜਾਂ ‘ਤੇ ਸਿਰਫ਼ ਸੱਤਾ ਹਥਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਮੌਕਾਪ੍ਰਸਤ ਆਗੂ ਹੈਰਾਨ ਹਨ, ਕਿਉਂਕਿ ਲੋਕ ਉਨ੍ਹਾਂ ਨੂੰ ਜਵਾਬ ਨਹੀਂ ਦੇ ਰਹੇ। ਉਨ੍ਹਾਂ ਦਾ ਏਜੰਡਾ ਲੋਕਾਂ ਦੀ ਭਲਾਈ ਲਈ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਪਰਵਾਰਾਂ ਦੀ ਭਲਾਈ ਤੱਕ ਸੀਮਤ ਹੈ। ਸੁਖਬੀਰ ਬਾਦਲ ਸੂਬੇ ਨੂੰ ਲੁੱਟਣ ਲਈ ਸਮੈਕ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਦੇ ਆਗੂਆਂ ਨੂੰ ਸਰਪ੍ਰਸਤੀ ਦੇ ਰਹੇ ਹਨ ਅਤੇ ਇਹ ਸਵੀਕਾਰਯੋਗ ਨਹੀਂ।
ਪਿਛਲੀਆਂ ਸਰਕਾਰਾਂ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ, ‘ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੁਖਬੀਰ ਨੂੰ ਸੂਬੇ ਦਾ ਮੁਖੀ ਨਹੀਂ ਬਣਾਇਆ, ਕਿਉਂਕਿ ਉਹ ਜਾਣਦੇ ਸਨ ਕਿ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਅਕਾਲੀ ਪਾਰਟੀ ਨੂੰ ਕਦੇ ਸ਼ਹੀਦਾਂ ਦੀ ਪਾਰਟੀ ਵਜੋਂ ਜਾਣਿਆ ਜਾਂਦਾ ਸੀ, ਪਰ ਬਾਦਲ ਪਰਵਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਸੁੱਟ ਕੇ ਸਾਡੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਆਪਣੇ ਨਿੱਜੀ ਹਿੱਤਾਂ ਲਈ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਕੀਤੀ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਬੀਰ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ, ਗੁਰਮੀਤ ਸਿੰਘ ਖੁੱਡੀਆਂ, ਡਾ. ਰਵਜੋਤ, ਹਰਭਜਨ ਸਿੰਘ ਈ ਟੀ ਓ, ਮੋਹਿੰਦਰ ਭਗਤ ਤੇ ਹੋਰ ਪਤਵੰਤੇ ਮੌਜੂਦ ਸਨ।