ਨਵੀਂ ਦਿੱਲੀ : ਉੱਤਰਾਖੰਡ ਅਸੈਂਬਲੀ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਅਜਿਹੇ ਵਿੱਚ ਦੋ ਸਾਬਕਾ ਭਾਜਪਾ ਤੇ ਇੱਕ ਸਾਬਕਾ ਬਸਪਾ ਵਿਧਾਇਕ ਦੇ ਸਨਿੱਚਰਵਾਰ ਕਾਂਗਰਸ ‘ਚ ਸ਼ਾਮਲ ਹੋਣ ਨੇ ਹੈਰਾਨ ਕੀਤਾ ਹੈ। ਰੁਦਰਪੁਰ ਦੇ ਪਾਪੂਲਰ ਆਗੂ ਰਾਜ ਕੁਮਾਰ ਦੋ ਵਾਰ ਵਿਧਾਇਕ ਬਣੇ, ਪਰ 2022 ਵਿੱਚ ਭਾਜਪਾ ਨੇ ਟਿਕਟ ਨਹੀਂ ਦਿੱਤੀ ਸੀ। ਘੰਸਾਲੀ ਦੇ ਸਾਬਕਾ ਵਿਧਾਇਕ ਭੀਮ ਲਾਲ ਆਰੀਆ ਨੂੰ ਭਾਜਪਾ ਨੇ 2016 ਵਿੱਚ ਕਾਂਗਰਸ ਦੀ ਹਮਾਇਤ ਕਰਨ ‘ਤੇ ਮੁਅੱਤਲ ਕਰ ਦਿੱਤਾ ਸੀ। ਨਾਰਾਇਣ ਪਾਲ ਸਿਤਾਰਗੰਜ ਤੋਂ ਬਸਪਾ ਵਿਧਾਇਕ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਰੁੜਕੀ ਦੇ ਸਾਬਕਾ ਮੇਅਰ ਗੌਰਵ ਗੋਇਲ, ਭੀਮਤਾਲ ਤੋਂ ਜ਼ਿਲ੍ਹਾ ਪੰਚਾਇਤ ਮੈਂਬਰ ਲਖਨ ਸਿੰਘ ਨੇਗੀ ਅਤੇ ਮਸੂਰੀ ਦੇ ਸਾਬਕਾ ਮਿਊਂਸਪਲ ਚੇਅਰਮੈਨ ਅਨੁਜ ਗੁਪਤਾ ਨੇ ਵੀ ਕਾਂਗਰਸ ਦਾ ਹੱਥ ਫੜਿਆ ਹੈ।




