ਜਲੰਧਰ, (ਗਿਆਨ ਸੈਦਪੁਰੀ)
ਹਰ ਸਾਲ ਦੀ ਤਰ੍ਹਾਂ ਪਰਮਗੁਣੀ ਭਗਤ ਸਿੰਘ ਦੇ 116ਵੇਂ ਜਨਮ ਦਿਨ ’ਤੇ ਬੁੱਧਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜਵਾਨੀ ਦਾ ਵੱਡਾ ਇਕੱਠ ਹੋਵੇਗਾ। ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਹੋ ਰਹੇ ਵਲੰਟੀਅਰ ਸੰਮੇਲਨ ਅਤੇ ਮਾਰਚ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨ ਮੁੰਡੇ-ਕੁੜੀਆਂ ਸ਼ਾਮਲ ਹੋਣਗੇ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਮੰਗਲਵਾਰ ਨੂੰ ਹੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਵਲੰਟੀਅਰ ਸੰਮੇਲਨ ਦੀ ਤਿਆਰੀ ਵਿੱਚ ਰੁਝੇ ਹੋਏ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਐਡਵੋਕੇਟ ਰਜਿੰਦਰ ਸਿੰਘ ਮੰਡ ਅਤੇ ਸੇਵਾ-ਮੁਕਤ ਜ਼ਿਲ੍ਹਾ ਅਟਾਰਨੀ ਸੱਤਪਾਲ ਨੇ ਦੱਸਿਆ ਕਿ ਬਾ-ਵਰਦੀ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਮਾਰਚ ਕੀਤਾ ਜਾਵੇਗਾ। ਨੌਜਵਾਨਾਂ ਵੱਲੋਂ ਮੰਗ ਕੀਤੀ ਜਾਵੇਗੀ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਏ। ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾਵੇਗੀ ਕਿ ਜਵਾਨੀ ਦੀਆਂ ਮੰਗਾਂ, ਉਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਇਸ ਦੇ ਨਾਲ ਹੀ ਜਵਾਨੀ ਨੂੰ ਸੱਦਾ ਦਿੱਤਾ ਜਾਵੇਗਾ ਕਿ ਹਰ ਇੱਕ ਲਈ ਮੁਫ਼ਤ, ਲਾਜ਼ਮੀ ਵਿਗਿਆਨਕ ਅਤੇ ਮਿਆਰੀ ਵਿਦਿਆ, ਪੰਜਾਬ ਦੇ ਦਰਿਆਵਾਂ ਅਤੇ ਵਰਖਾ ਦੇ ਪਾਣੀ ਦੀ ਯੋਜਨਾਬੱਧ ਸੰਭਾਲ, ਨੌਜਵਾਨਾਂ ਲਈ ਅਸਰਦਾਰ ਖੇਡ ਨੀਤੀ ਅਤੇ ਨਸ਼ਾ ਮੁਕਤ ਪੰਜਾਬ ਲਈ ਜਥੇਬੰਦ ਹੋਇਆ ਜਾਵੇ।
ਵਲੰਟੀਅਰ ਸਮਾਗਮ ਨੂੰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ, ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ, ਕਰਮਵੀਰ ਕੌਰ ਬੱਧਨੀ, ਵਰਿੰਦਰ ਖੁਰਾਣਾ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ, ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਛਾਂਗਾਰਾਏ ਆਦਿ ਆਗੂ ਸੰਬੋਧਨ ਕਰਨਗੇ।