ਚੰਡੀਗੜ੍ਹ, (ਗੁਰਜੀਤ ਬਿੱਲਾ)
ਕਾਂਗਰਸ ਤੇ ਭਾਜਪਾ ਨੂੰ ਇਕੋ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਕਿਹਾ ਕਿ ਵਿਧਾਨ ਸਭਾ ਵਿੱਚ ਵਿਸ਼ਵਾਸ ਮਤਾ ਲਿਆਉਣਾ ਇਸ ਕਰ ਕੇ ਜ਼ਰੂਰੀ ਸੀ, ਕਿਉਂਕਿ ਦੋਵਾਂ ਪਾਰਟੀਆਂ ਨੇ ਸੂਬੇ ਵਿੱਚ ਜਮਹੂਰੀ ਤਰੀਕੇ ਨਾਲ ਚੁਣੀ ਹੋਈ ਸਰਕਾਰ ਨੂੰ ਤੋੜਨ ਲਈ ਹੱਥ ਮਿਲਾ ਲਿਆ ਹੈ। ਵਿਧਾਨ ਸਭਾ ਵਿੱਚ ਵਿਸ਼ਵਾਸ ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇਸ਼ ਭਰ ਵਿੱਚ ਪਿਛਲੇ ਦਰਵਾਜ਼ਿਓਂ ਆਪਣੀਆਂ ਸਰਕਾਰਾਂ ਬਣਾਉਣ ਲਈ ਦਲ-ਬਦਲੀ ਵਿਰੋਧੀ ਕਾਨੂੰਨ ਦੀ ਵਰਤੋਂ ਨਵੇਂ ਹਥਿਆਰ ਵਜੋਂ ਕਰ ਰਹੀ ਹੈ ਅਤੇ ਬਦਕਿਸਮਤੀ ਨਾਲ ਇਸ ਦੀ ਸਭ ਤੋਂ ਵੱਡੀ ਪੀੜਤ ਹੋਣ ਦੇ ਬਾਵਜੂਦ ਕਾਂਗਰਸ ਇਸ ਦੀ ਹਮਾਇਤ ਕਰ ਰਹੀ ਹੈ। (ਮਤੇ ’ਤੇ ਬਹਿਸ ਵੀਰਵਾਰ ਹੋਵੇਗੀ।)
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਵਿਧਾਇਕਾਂ ਨੂੰ ਲੁਭਾ ਕੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਤੇ ਹੋਰ ਸੂਬਿਆਂ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਭੰਗ ਕੀਤੀਆਂ ਹਨ। ਉਨ੍ਹਾ ਕਿਹਾ ਕਿ ਦਿੱਲੀ ਵਿੱਚ ਤਿੰਨ ਦਫ਼ਾ ਸਰਕਾਰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਹੁਣ ਪੰਜਾਬ ਵਿੱਚ ਪੈਸੇ ਨਾਲ ਵਿਧਾਇਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਮਾਨ ਨੇ ਕਿਹਾ ਕਿ ਭਾਜਪਾ ਸੂਬੇ ਵਿੱਚ ਸੱਤਾ ਹਾਸਲ ਦੀ ਮਿ੍ਰਗ ਤਿ੍ਰਸ਼ਨਾ ਪਿੱਛੇ ਭੱਜ ਰਹੀ ਹੈ ਅਤੇ ਇਸ ਕਦਮ ਰਾਹੀਂ ਉਹ ‘ਦੁੱਕੀਆਂ ਨਾਲ ਆਪ ਦੇ ਯੱਕੇ ਖਰੀਦਣ’ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੈਸੇ ਦੇ ਬੈਗਾਂ ਦੀ ਵਰਤੋਂ ਕਰ ਕੇ ਜਮਹੂਰੀਅਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਾ ਰਹੀ ਹੈ। ਪਹਿਲਾਂ ਕਾਂਗਰਸ ਵੀ ਇਹੋ ਕਰਦੀ ਰਹੀ ਹੈ ਅਤੇ ਹੁਣ ਇਹ ਭਗਵਾਂ ਪਾਰਟੀ ਕਾਂਗਰਸ ਦੇ ਨਕਸ਼ੇ ਕਦਮ ਉਤੇ ਚੱਲ ਰਹੀ ਹੈ। ਕਾਂਗਰਸ ਤੇ ਭਾਜਪਾ ਦੀ ਸਾਂਝ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਹੈ, ਪਰ ਇਸ ਯਾਤਰਾ ਦੌਰਾਨ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਤੋਂ ਜਾਣਬੁੱਝ ਕੇ ਦੂਰੀ ਰੱਖੀ ਗਈ ਹੈ, ਤਾਂ ਕਿ ਚੋਣਾਂ ਵਿੱਚ ਭਾਜਪਾ ਨੂੰ ਲਾਹਾ ਦਿੱਤਾ ਜਾ ਸਕੇ।
ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਆਸਤ ਵਿੱਚ ਲੋਕ ਭਲਾਈ ਦਾ ਨਵਾਂ ਏਜੰਡਾ ਸਥਾਪਤ ਕੀਤਾ ਹੈ। ਇਸੇ ਕਾਰਨ ਭਾਜਪਾ ਲੀਡਰਸ਼ਿਪ ਨੂੰ ਆਪਣਾ ਵੰਡ-ਪਾਊ ਏਜੰਡਾ ਛੱਡ ਕੇ ਲੋਕਾਂ ਦੀ ਭਲਾਈ ਬਾਰੇ ਗੱਲ ਕਰਨ ਲਈ ਮਜਬੂਰ ਹੋਣਾ ਪਿਆ। ਇਹ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੈ ਕਿ ਜਿਹੜੇ ਲੀਡਰ ਲੋਕਾਂ ਨੂੰ ਵੰਡਦੇ ਸਨ, ਉਹ ਹੁਣ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦੇ ਉਦਘਾਟਨ ਕਰਦੇ ਨਜ਼ਰ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਭਾਜਪਾ ਵਿੱਚ ਦਲ-ਬਦਲੂ ਰਾਜ ਕਰ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਹੜੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਭਾਜਪਾ ਦੇ ਇਸ਼ਾਰੇ ਉਤੇ ਚੱਲ ਰਹੇ ਸਨ, ਨੇ ਹੁਣ ਰਸਮੀ ਤੌਰ ਉਤੇ ਭਾਜਪਾ ਦਾ ਪੱਲਾ ਫੜ ਲਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਨਿਸ਼ਾਨਾ ਸਾਧਦਿਆਂ ਉਨ੍ਹਾ ਕਿਹਾ ਕਿ ਇਹ ਪਹਿਲੀ ਦਫ਼ਾ ਹੋਇਆ ਹੈ ਕਿ ਚੋਣਾਂ ਵਿੱਚ ਹਾਰ ਮਗਰੋਂ ਕਿਸੇ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੀ ਗਾਇਬ ਹੋ ਗਿਆ ਹੈ। ਉਹਨਾ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਹੀ ਉਹ ਹੁਣ ਗਾਇਬ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕੋਈ ਕੰਮ ਨਾ ਕਰਨ ਕਾਰਨ ਲੋਕਾਂ ਨੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ। ਇਨ੍ਹਾਂ ਆਗੂਆਂ ਨੂੰ ਲੋਕਾਂ ਨੇ ਸੂਬਾਈ ਵਿਧਾਨ ਸਭਾ ਤੋਂ ਬਾਹਰ ਕੀਤਾ, ਪਰ ਇਹ ਆਗੂ ਹੁਣ ‘ਖਿਆਲੀ ਜਾਂ ਮੌਕ ਸੈਸ਼ਨ’ ਕਰਵਾ ਕੇ ਲੋਕਾਂ ਨੂੰ ਗੰੁਮਰਾਹ ਕਰ ਰਹੇ ਹਨ ਅਤੇ ਆਪਣੀ ਨਿਰਾਸ਼ਾ ਕੱਢ ਰਹੇ ਹਨ। ਉਹਨਾ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਮੀਦ ਨੂੰ ਵੋਟ ਪਾਈ ਅਤੇ ਆਮ ਆਦਮੀ ਪਾਰਟੀ ਸੂਬੇ ਨੂੰ ਦੇਸ਼ ਭਰ ਵਿੱਚੋਂ ਮੋਹਰੀ ਬਣਾਉਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾ ਕਿਹਾ ਕਿ ਇਹ ਕਾਂਗਰਸ ਦੇ ਦੀਵਾਲੀਏਪਣ ਨੂੰ ਦਰਸਾਉਂਦਾ ਹੈ, ਜੋ ਹੁਣ ਆਪਣੇ ਵਿਧਾਇਕਾਂ ਨੂੰ ਵੇਚਣ ਦੀ ਹੱਦ ਤੱਕ ਚਲਾ ਗਿਆ ਹੈ। ਉਨ੍ਹਾ ਕਿਹਾ ਕਿ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੇ ‘ਭਾਰਤ ਜੋੜੋ’ ਯਾਤਰਾ ਕੱਢੀ ਹੈ, ਪਰ ਉਹ ਰਾਜਸਥਾਨ ਵਿੱਚ ਆਪਣਾ ਘਰ ਨਹੀਂ ਸੰਭਾਲ ਸਕੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀਂ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ‘ਅਪਰੇਸਨ ਲੋਟਸ’ ਫੇਲ੍ਹ ਹੋ ਜਾਣ ਦੇ ਸਦਮੇ ਵਿਚ ਹਨ, ਜਿਵੇਂ ਉਨ੍ਹਾਂ ਦੀਆਂ ਗੁੱਝੀਆਂ ਸਕੀਮਾਂ ਧਰੀਆਂ-ਧਰਾਈਆਂ ਰਹਿ ਗਈਆਂ ਹੋਣ।
ਪ੍ਰਤਾਪ ਸਿੰਘ ਬਾਜਵਾ ਨੇ ਮਾਰਸ਼ਲਾਂ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਪਹਿਲਾਂ ਮਾਨ ਸਰਕਾਰ ਨੇ ਸੰਵਿਧਾਨਕ ਵਿਵਸਥਾਵਾਂ ਦੇ ਉਲਟ ਸੈਸ਼ਨ ਬੁਲਾਇਆ ਸੀ, ਜਿਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੀ ਤੌਰ ’ਤੇ ਰੱਦ ਕਰ ਦਿੱਤਾ ਸੀ। ਉਨ੍ਹਾ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਕਦੇ ਵੀ ਪੰਜਾਬ ਸਰਕਾਰ ਵਿਰੁੱਧ ਬੇਭਰੋਸਗੀ ਮਤੇ ਦੀ ਮੰਗ ਨਹੀਂ ਕੀਤੀ। ਇਸ ਲਈ ਆਪਣਾ ਬਹੁਮਤ ਸਾਬਤ ਕਰਨ ਦੀ ਕੋਈ ਲੋੜ ਨਹੀਂ ਸੀ ਅਤੇ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਸੀ। ਮਾਨ ਸਰਕਾਰ ਕਾਨੂੰਨ ਦੇ ਰਾਜ ’ਚ ਵਿਸ਼ਵਾਸ ਨਹੀਂ ਰੱਖਦੀ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ‘ਆਪ’ ਸਰਕਾਰ ਨੂੰ 117 ਵਿਚੋਂ 92 ਵਿਧਾਇਕਾਂ ਦੀ ਹਮਾਇਤ ਹਾਸਲ ਹੈ ਤੇ ਇਹ ਮਤਾ ਪੇਸ਼ ਕਰਨਾ ਸਾਬਤ ਕਰਦਾ ਹੈ ਕਿ ਇਸ ਦਾ ਮਕਸਦ ਸਿਰਫ ਰਾਜਸੀ ਹੈ, ਨਾ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਹੱਲ ਕਰਨਾ। ਸਰਕਾਰ ਨੇ ਪਿਛਲੇ ਦਰਵਾਜ਼ੇ ਰਾਹੀਂ ਵਿਸ਼ਵਾਸ ਮਤਾ ਪੇਸ਼ ਕੀਤਾ ਹੈ। ਉਹ ਬਿਜ਼ਨਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਏ ਸਨ ਤੇ ਸਦਨ ਦੇ ਏਜੰਡੇ ਨੂੰ ਤੈਅ ਕਰਨ ਸਮੇਂ ਕਿਸੇ ਵਿਸ਼ਵਾਸ ਮਤ ਨੂੰ ਪੇਸ਼ ਕਰਨ ਦੀ ਕੋਈ ਗੱਲ ਨਹੀਂ ਹੋਈ।
ਇਸ ਤੋਂ ਪਹਿਲਾਂ ਯੂਥ ਅਕਾਲੀ ਆਗੂਆਂ ਨੇ ਸਰਕਾਰ ਨੂੰ ਵਾਅਦੇ ਚੇਤੇ ਕਰਾਉਣ ਲਈ ਵਿਧਾਨ ਸਭਾ ਤੱਕ ਮਾਰਚ ਕੀਤਾ ਤੇ ਗਿ੍ਰਫਤਾਰੀਆਂ ਦਿੱਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਿਧਾਨ ਸਭਾ ਨੇ ਰਾਜਨੀਤਕ ਸ਼ਖਸੀਅਤਾਂ, ਸਮਾਜ ਸੇਵਕ ਅਤੇ ਅਗਾਂਹਵਧੂ ਕਿਸਾਨ ਸਮੇਤ ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਦੇਹਾਂਤ ਹੋ ਗਿਆ ਸੀ।
ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ, ਤਰਨ ਤਾਰਨ ਦੇ ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਅਗਾਂਹਵਧੂ ਕਿਸਾਨ ਪਦਮਸ੍ਰੀ ਜਗਜੀਤ ਸਿੰਘ ਹਾਰਾ ਅਤੇ ਉੱਘੇ ਸਮਾਜ ਸੇਵਕ ਕਿ੍ਰਸ਼ਨ ਦੇਵ ਖੋਸਲਾ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤਖਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਅਤੇ ਸਾਬਕਾ ਪੀ.ਸੀ.ਐੱਸ. ਅਧਿਕਾਰੀ ਤੇ ਦਰਿਆਈ ਪਾਣੀਆਂ ਦੇ ਮਾਹਿਰ ਪ੍ਰੀਤਮ ਸਿੰਘ ਕੁਮੇਦਨ, ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਅਤੇ ਉੱਘੀ ਸ਼ਖਸੀਅਤ ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ, ਦੇ ਨਾਂਅ ਵੀ ਸ਼ਰਧਾਂਜਲੀ ਦੇਣ ਲਈ ਪ੍ਰਸਤਾਵਿਤ ਕੀਤੇ।