ਨਵੀਂ ਦਿੱਲੀ : ਸਕੂਲਾਂ, ਹਾਈ ਕੋਰਟਾਂ ਅਤੇ ਸਰਕਾਰੀ ਦਫਤਰਾਂ ਨੂੰ 1,100 ਤੋਂ ਵੱਧ ਬੰਬ ਦੀਆਂ ਝੂਠੀਆਂ ਧਮਕੀਆਂ ਭੇਜਣ ਦੇ ਦੋਸ਼ ਵਿੱਚ ਦਿੱਲੀ ਪੁਲਸ ਨੇ ਕਰਨਾਟਕ ਦੇ ਮੈਸੂਰ ਤੋਂ 47 ਸਾਲਾ ਸ੍ਰੀਨਿਵਾਸ ਲੂਈਸ ਨੂੰ ਸਨਿੱਚਰਵਾਰ ਨੂੰ ਉਸ ਦੇ ਕਿਰਾਏ ਦੇ ਮਕਾਨ ਤੋਂ ਕਾਬੂ ਕੀਤਾ ਪੁਲਸ ਨੇ ਦੱਸਿਆ ਕਿ ਲੂਈਸ ਪੋਸਟ ਗ੍ਰੈਜੂਏਟ ਹੈ ਅਤੇ ਬੇਂਗਲੁਰੂ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਬੇਰੁਜ਼ਗਾਰ ਹੈ ਅਤੇ ਆਪਣੀ ਮਾਂ ਦੇ ਨਾਲ ਰਹਿੰਦਾ ਹੈ, ਜੋ ਕਿ ਇੱਕ ਸੇਵਾਮੁਕਤ ਸਰਕਾਰੀ ਕਰਮਚਾਰੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਹ ਮਾਨਸਕ ਤਣਾਅ ਵਿੱਚ ਹੋ ਸਕਦਾ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਈਮੇਲ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਦੇਸ਼ ਭਰ ਵਿੱਚ 1,100 ਤੋਂ ਵੱਧ ਧਮਕੀ ਭਰੇ ਸੰਦੇਸ਼ ਭੇਜਣ ਦੀ ਗੱਲ ਕਬੂਲ ਕੀਤੀ ਹੈ।



