ਮੱਧ ਪ੍ਰਦੇਸ਼ ਹਾਈਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਿਕਰੀ ਕਰਕੇ ਗੈਸ ਸਿਲੰਡਰ ਦੀ ਕਿੱਲਤ ‘ਤੇ ਕਟਾਕਸ਼ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਾਕੇਤ ਪੁਰੋਹਿਤ ਦੀ ਮੁਅੱਤਲੀ ਦੇ ਹੁਕਮ ‘ਤੇ ਰੋਕ ਲਾਉਂਦਿਆਂ ਕਿਹਾ ਕਿ ਮੁਅੱਤਲੀ ਇੱਕ ਗੰਭੀਰ ਕਦਮ ਹੈ ਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਕਿਸੇ ਦੇ ਦਬਾਅ ਵਿੱਚ ਕੰਮ ਕਰਨ ਦੀ ਬਜਾਇ ਤੱਥਾਂ ਤੇ ਨਿਯਮਾਂ ਦੇ ਆਧਾਰ ‘ਤੇ ਫੈਸਲੇ ਕਰਨ।
ਮੱਧ ਪ੍ਰਦੇਸ਼ ਦੇ ਸ਼ਿਓਪੁਰੀ ਜ਼ਿਲ੍ਹੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਾਕੇਤ ਪੁਰੋਹਿਤ ਨੂੰ ਪਿਛੋਰ ਦੇ ਵਿਧਾਇਕ ਪ੍ਰੀਤਮ ਸਿੰਘ ਲੋਧੀ ਦੀ ਸ਼ਿਕਾਇਤ ਦੇ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਪੁਰੋਹਿਤ ‘ਤੇ ਗੈਸ ਦੀ ਕਿੱਲਤ ਨਾਲ ਜੁੜੇ ਇੱਕ ਵੀਡੀਓ ਵਿੱਚ ਸਿਲੰਡਰ ਦੀ ਵਧੀ ਕੀਮਤ ‘ਤੇ ਵਿਅੰਗ ਕਰਦਿਆਂ ਪ੍ਰਧਾਨ ਮੰਤਰੀ ਦੇ ਬੋਲਣ ਦੇ ਅੰਦਾਜ਼ ਦੀ ਨਕਲ ਕਰਨ ਨੂੰ ਲੈ ਕੇ ਸਮਾਜ ਵਿੱਚ ਅਸ਼ਾਂਤੀ ਫੈਲਾਉਣ ਤੇ ਸਿੱਖਿਆ ਵਿਭਾਗ ਦਾ ਅਕਸ ਖਰਾਬ ਕਰਨ ਦੇ ਇਰਾਦੇ ਨਾਲ ਇਤਰਾਜ਼ਯੋਗ ਪੋਸਟ ਪਾਉਣ ਅਤੇ ਮੱਧ ਪ੍ਰਦੇਸ਼ ਸਿਵਲ ਸੇਵਾ (ਆਚਰਣ) ਨਿਯਮ 1965 ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ। ਜਸਟਿਸ ਆਸ਼ੀਸ਼ ਸ਼੍ਰੋਤੀ ਨੇ ਕਿਹਾ ਕਿ ਸ਼ਿਕਾਇਤ ਮਿਲਣ ਦੇ ਫੌਰਨ ਬਾਅਦ ਅਧਿਆਪਕ ਨੂੰ ਬਿਨਾਂ ਕਿਸੇ ਜਾਂਚ ਦੇ ਤਟਫੱਟ ਮੁਅੱਤਲ ਕਰ ਦਿੱਤਾ ਗਿਆ। 12 ਮਾਰਚ ਸ਼ਾਮ ਨੂੰ ਲੱਗਭੱਗ 6 ਵਜੇ ਅਧਿਆਪਕ ਨੇ ਆਪਣੇ ਫੇਸਬੁੱਕ ਖਾਤੇ ‘ਤੇ ਵੀਡੀਓ ਅਪਲੋਡ ਕੀਤੀ ਤੇ 13 ਮਾਰਚ ਨੂੰ ਵਿਧਾਇਕ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਵੇਕ ਸ੍ਰੀਵਾਸਤਵ ਨੂੰ ਉਸ ਵਿਰੁੱਧ ਕਾਰਵਾਈ ਕਰਨ ਲਈ ਸ਼ਿਕਾਇਤ ਕਰ ਦਿੱਤੀ। ਅਧਿਕਾਰੀ ਨੇ ਉਸੇ ਦਿਨ ਹੁਕਮ ਕੱਢ ਦਿੱਤਾ, ਬਿਨਾਂ ਕਿਸੇ ਜਾਂਚ ਦੇ।
ਪ੍ਰਧਾਨ ਮੰਤਰੀ ਦੀ ਮਿਮਿਕਰੀ ਵਾਲੇ ਵੀਡੀਓ ਵਿੱਚ ਸਾਕੇਤ ਪੁਰੋਹਿਤ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ : ”ਮੇਰੇ ਪਿਆਰੇ ਭਾਈਓ ਔਰ ਬਹਨਂੋ, ਕਯਾ ਗੈਸ ਕੀ ਕੀਮਤੇਂ ਘਟੀਂ ਯਾ ਨਹੀਂ? ਨਹੀਂ ਘਟੀਂ। ਕਯਾ ਗੈਸ ਕੀ ਕੀਮਤੇਂ ਬੜ੍ਹੀਂ ਯਾ ਨਹੀਂ? ਬੜ੍ਹੀਂ। ਗੈਸ ਕੀ ਕੀਮਤੇਂ ਇਸਲਿਏ ਬੜ੍ਹੀਂ ਕਿਉਂਕਿ ਗੈਸ ਪਰ ਪਕੀ ਰੋਟੀ ਖਾਨੇ ਸੇ ਭੀ ਪੇਟ ਮੇਂ ਗੈਸ ਬਨਤੀ ਹੈ ਔਰ ਅਗਰ ਪੇਟ ਮੇਂ ਗੈਸ ਬਨੇਗੀ ਤੋ ਆਪ ਬੀਮਾਰ ਪੜ ਜਾਏਂਗੇ, ਔਰ ਅਗਰ ਆਪ ਬੀਮਾਰ ਪੜੇ ਤੋਂ ਪੂਰਾ ਦੇਸ਼ ਬੀਮਾਰ ਪੜ ਜਾਏਗਾ।”
ਸਾਕੇਤ ਪੁਰੋਹਿਤ ਨੇ ਮੁਅੱਤਲੀ ਤੋਂ ਬਾਅਦ ਕਿਹਾ ਸੀ ਕਿ ਉਸ ਦਾ ਮਕਸਦ ਸਿਰਫ ਲੋਕਾਂ ਨੂੰ ਹਸਾਉਣਾ ਸੀ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ। ਉਸ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਸਿੱਖਿਆ ਅਧਿਕਾਰੀ ਨੇ ਨੋਟਿਸ ਤੱਕ ਨਹੀਂ ਦਿੱਤਾ। ਪੁਰੋਹਿਤ ਮੁਤਾਬਕ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਪੂਰਾ ਅਧਿਕਾਰ ਹੈ। ਅਧਿਆਪਕਾਂ ਨੂੰ ਵੀ ਪ੍ਰਗਟਾਵੇ ਦੀ ਆਜ਼ਾਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਉਸ ਨੇ ਦੇਖਿਆ ਹੈ ਕਿ ਵਿਅੰਗ ‘ਤੇ ਰੋਕਾਂ ਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਲੋਕਾਂ ਨੂੰ ਖੁੱਲ੍ਹ ਕੇ ਬੋਲਣ ਤੋਂ ਡਰ ਲੱਗਦਾ ਹੈ ਤਾਂ ਇਹ ਉਨ੍ਹਾਂ ਦੀ ਸਮੱਸਿਆ ਹੈ। ਉਸ ਨੂੰ ਲੱਗਿਆ ਕਿ ਉਸ ਨੂੰ ਆਪਣੇ ‘ਮਨ ਕੀ ਬਾਤ’ ਕਹਿਣੀ ਚਾਹੀਦੀ ਹੈ।
ਦੇਸ਼ ਵਿੱਚ ਚੱਲ ਰਹੇ ਮਾਹੌਲ ‘ਚ ਪੁਰੋਹਿਤ ਵਰਗੇ ਬਹੁਤ ਘੱਟ ਲੋਕ ਹਨ, ਜਿਹੜੇ ਖੁੱਲ੍ਹ ਕੇ ਬੋਲ ਰਹੇ ਹਨ। ਪੁਰੋਹਿਤ ਨੂੰ ਤਾਂ ਅਦਾਲਤ ਤੋਂ ਰਾਹਤ ਮਿਲ ਗਈ ਪਰ ਕਈਆਂ ਨੂੰ ਅਦਾਲਤਾਂ ਤੋਂ ਰਾਹਤ ਨਹੀਂ ਮਿਲੀ। ਪੁਰੋਹਿਤ ਵਾਂਗ ਜਸਟਿਸ ਸ਼੍ਰੋਤੀ ਵਰਗੇ ਜੱਜ ਵੀ ਬਹੁਤ ਘੱਟ ਨਜ਼ਰ ਆਉਂਦੇ ਹਨ, ਜਿਹੜੇ ਨਿਡਰਤਾ ਨਾਲ ਫੈਸਲੇ ਕਰਦੇ ਹਨ। ਪੁਰੋਹਿਤ ਦੀ ਮਿਮਿਕਰੀ ਤੇ ਜੱਜ ਦਾ ਫੈਸਲਾ ਉਨ੍ਹਾਂ ਲੋਕਾਂ ਦਾ ਹੌਸਲਾ ਵਧਾਉਣ ਵਾਲਾ ਹੈ, ਜਿਹੜੇ ਬੋਲਣਾ ਤਾਂ ਚਾਹੁੰਦੇ ਹਨ, ਪਰ ਬੋਲ ਨਹੀਂ ਪਾ ਰਹੇ।




