ਅੰਮ੍ਰਿਤਸਰ : ਦਿਹਾਤੀ ਪੁਲਸ ਅਧੀਨ ਆਉਂਦੇ ਭਿੰਡੀ ਸੈਦਾਂ ਥਾਣੇ ਦੇ ਕੰਪਲੈਕਸ ਅੰਦਰ ਸੋਮਵਾਰ ਤੜਕਸਾਰ ਧਮਾਕਾ ਹੋਣ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ। ਘਟਨਾ ਦਾ ਪਤਾ ਸਵੇਰੇ ਉਦੋਂ ਲੱਗਿਆ, ਜਦੋਂ ਪੁਲਸ ਮੁਲਾਜ਼ਮ ਥਾਣੇ ਪਹੁੰਚੇ ਅਤੇ ਉਨ੍ਹਾਂ ਨੇ ਇਮਾਰਤ ਦੇ ਅੰਦਰ ਹੋਇਆ ਨੁਕਸਾਨ ਦੇਖਿਆ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਵੇਲੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਥਾਣੇ ਦੇ ਅੰਦਰ ਖੜ੍ਹੇ ਵਾਹਨਾਂ ਨੂੰ ਧਮਾਕੇ ਕਾਰਨ ਨੁਕਸਾਨ ਪਹੁੰਚਿਆ ਹੈ। ਸੂਤਰਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਕਥਿਤ ਤੌਰ ‘ਤੇ ਥਾਣੇ ਦੇ ਅੰਦਰ ਕੋਈ ਵਿਸਫੋਟਕ ਚੀਜ਼ ਸੁੱਟੀ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹ ਚੀਜ਼ ਸੁੱਟਣ ਦੇ ਕੁਝ ਦੇਰ ਬਾਅਦ ਹੀ ਫਟ ਗਈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣੇ ਦੇ ਬਾਹਰ ਡੀ ਐੱਸ ਪੀ ਗੁਰਿੰਦਰਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਰਾਤ ਡੇਢ ਤੋਂ ਪੌਣੇ ਦੋ ਵਜੇ ਦੇ ਦਰਮਿਆਨ ਧਮਾਕਾ ਹੋਇਆ ਤੇ ਵੱਖ-ਵੱਖ ਟੀਮਾਂ ਜਾਂਚ ਕਰਨ ‘ਤੇ ਲੱਗੀਆਂ ਹੋਈਆਂ ਹਨ। ਥਾਣਾ ਭਿੰਡੀ ਸੈਦਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦਾ ਥਾਣਾ ਹੈ, ਜੋ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਪੈਂਦਾ ਹੈ।




