ਮੈਡਰਿਡ : ਸਪੇਨ ਨੇ ਈਰਾਨ ਖਿਲਾਫ ਜੰਗ ਵਿੱਚ ਸ਼ਾਮਲ ਅਮਰੀਕੀ ਫੌਜੀ ਜਹਾਜ਼ਾਂ ਲਈ ਆਪਣੀ ਏਅਰਸਪੇਸ ਬੰਦ ਕਰ ਦਿੱਤੀ ਹੈ ਅਤੇ ਫੌਜੀ ਅੱਡੇ ਦੀ ਵਰਤੋਂ ਵੀ ਰੋਕ ਦਿੱਤੀ ਹੈ। ਸਪੇਨ ਦੀ ਰੱਖਿਆ ਮੰਤਰੀ ਮਾਰਗਾਰੀਟਾ ਰੋਬਲੇਸ ਨੇ ਕਿਹਾ ਕਿ ਦੇਸ਼ ਆਪਣੇ ਏਅਰਸਪੇਸ ਤੇ ਫੌਜੀ ਅੱਡਿਆਂ ਦੀ ਵਰਤੋਂ ਈਰਾਨ ਨਾਲ ਜੁੜੇ ਕਿਸੇ ਵੀ ਫੌਜੀ ਅਪ੍ਰੇਸ਼ਨ ਲਈ ਨਹੀਂ ਕਰਨ ਦੇਵੇਗਾ। ਇਸ ਫੈਸਲੇ ਦੇ ਬਾਅਦ ਅਮਰੀਕੀ ਜਹਾਜ਼ਾਂ ਨੂੰ ਰੂਟ ਬਦਲਣੇ ਪੈਣਗੇ। ਹਾਲਾਂਕਿ ਸਪੇਨ ਨੇ ਮਾਨਵੀ ਤੇ ਹੰਗਾਮੀ ਉਡਾਣਾਂ ਨੂੰ ਛੋਟ ਦਿੱਤੀ ਹੈ। ਸਪੇਨ ਦੇ ਅਰਥ ਵਿਵਸਥਾ ਮੰਤਰੀ ਕਾਰਲੋਸ ਕੁਏਪ੍ਰੋ ਨੇ ਕਿਹਾ ਕਿ ਇਹ ਫੈਸਲਾ ਇਕਤਰਫਾ ਤੇ ਕੌਮਾਂਤਰੀ ਕਾਨੂੰਨ ਖਿਲਾਫ ਜੰਗ ਦੀ ਹਮਾਇਤ ਨਾ ਕਰਨ ਦੇ ਆਧਾਰ ‘ਤੇ ਲਿਆ ਗਿਆ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਪਹਿਲਾਂ ਹੀ ਅਮਰੀਕੀ-ਇਜ਼ਰਾਈਲੀ ਹਮਲਿਆਂ ਦੀ ਅਲੋਚਨਾ ਕਰ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਪੇਨ ਖਿਲਾਫ ਵਪਾਰਕ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ।
ਟਰੰਪ ਨੇ ਈਰਾਨ ਦੇ ਮੁੱਖ ਤੇਲ ਟਰਮੀਨਲ ‘ਖਰਗ ਟਾਪੂ’ ਉੱਤੇ ਅਮਰੀਕੀ ਫੌਜ ਦੇ ਕਬਜ਼ੇ ਦੀ ਸੰਭਾਵਨਾ ਜਤਾ ਕੇ ਦੁਨੀਆ-ਭਰ ਵਿੱਚ ਹਲਚਲ ਮਚਾ ਦਿੱਤੀ ਹੈ। ‘ਦਿ ਫਾਈਨੈਂਸ਼ੀਅਲ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਕੋਲ ਕਈ ਵਿਕਲਪ ਮੌਜੂਦ ਹਨ ਅਤੇ ਉਹ ਬਹੁਤ ਆਸਾਨੀ ਨਾਲ ਇਸ ਟਾਪੂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ।
ਉਨ੍ਹਾ ਈਰਾਨੀ ਸੁਰੱਖਿਆ ਨੂੰ ਨਕਾਰਦਿਆਂ ਕਿਹਾ ਕਿ ਜੇ ਲੋੜ ਪਈ ਤਾਂ ਅਮਰੀਕੀ ਫੌਜ ਉੱਥੇ ਲੰਬੇ ਸਮੇਂ ਤੱਕ ਰੁਕ ਵੀ ਸਕਦੀ ਹੈ। ਦੂਜੇ ਪਾਸੇ, ਈਰਾਨ ਨੇ ਸਖਤ ਰੁਖ ਅਖਤਿਆਰ ਕਰਦਿਆਂ ਧਮਕੀ ਦਿੱਤੀ ਹੈ ਕਿ ਜੇ ਅਮਰੀਕੀ ਫੌਜ ਨੇ ਉਨ੍ਹਾਂ ਦੀ ਧਰਤੀ ‘ਤੇ ਕਦਮ ਰੱਖਿਆ, ਤਾਂ ਉਹ ਖਾੜੀ ਦੇ ਅਰਬ ਦੇਸ਼ਾਂ ‘ਤੇ ਜ਼ਮੀਨੀ ਹਮਲਾ ਅਤੇ ਨਵੇਂ ਸਿਰਿਓਂ ਜੰਗੀ ਕਾਰਵਾਈਆਂ ਸ਼ੁਰੂ ਕਰ ਦੇਣਗੇ। ਇਸੇ ਦੌਰਾਨ, ਟਰੰਪ ਨੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਖੁਲਾਸਾ ਕੀਤਾ ਕਿ ਹਾਰਮੁਜ਼ ਜਲਮਾਰਗ ਰਾਹੀਂ ਤੇਲ ਟੈਂਕਰ ਲੰਘਾਉਣ ਦੀ ਇਜਾਜ਼ਤ ਉਨ੍ਹਾ ਵੱਲੋਂ ਹੀ ਦਿੱਤੀ ਗਈ ਹੈ। ਟਰੰਪ ਨੇ ਦੱਸਿਆ ਕਿ ਪਹਿਲਾਂ ਪਾਕਿਸਤਾਨੀ ਝੰਡੇ ਵਾਲੇ 10 ਟੈਂਕਰਾਂ ਨੂੰ ਰਾਹ ਦਿੱਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 20 ਹੋ ਗਈ ਹੈ। ਰਾਸ਼ਟਰਪਤੀ ਨੇ ਇਸ ਨੂੰ ਇੱਕ ‘ਤੋਹਫੇ’ ਵਜੋਂ ਪੇਸ਼ ਕਰਦਿਆਂ ਕਿਹਾ ਕਿ ਈਰਾਨ ਨਾਲ ਗੱਲਬਾਤ ਬਹੁਤ ਵਧੀਆ ਦਿਸ਼ਾ ਵਿੱਚ ਜਾ ਰਹੀ ਹੈ। ਈਰਾਨੀ ਸਪੀਕਰ ਕਾਲੀਬਾਫ ਨੇ ਅਮਰੀਕਾ ‘ਤੇ ਦੋਸ਼ ਲਗਾਇਆ ਹੈ ਕਿ ਉਹ ਇੱਕ ਪਾਸੇ ਗੱਲਬਾਤ ਲਈ ਸੁਨੇਹੇ ਭੇਜ ਰਿਹਾ ਹੈ ਅਤੇ ਦੂਜੇ ਪਾਸੇ ਜ਼ਮੀਨੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਜੇ ਅਮਰੀਕੀ ਫੌਜ ਨੇ ਕੋਈ ਕਾਰਵਾਈ ਕੀਤੀ ਤਾਂ ਈਰਾਨ ਮੂੰਹ-ਤੋੜ ਜਵਾਬ ਦੇਵੇਗਾ। ਉਨ੍ਹਾ ਰਾਸ਼ਟਰ ਦੇ ਨਾਂਅ ਆਪਣੇ ਸੰਦੇਸ਼ ਵਿੱਚ ਕਿਹਾ, ”ਜਦੋਂ ਤੱਕ ਅਮਰੀਕਾ ਈਰਾਨ ਦਾ ਆਤਮ-ਸਮਰਪਣ ਚਾਹੁੰਦਾ ਹੈ, ਸਾਡਾ ਜਵਾਬ ਇਹ ਹੈ ਕਿ ਅਸੀਂ ਕਦੇ ਵੀ ਅਜਿਹੀ ਜ਼ਲਾਲਤ ਸਵੀਕਾਰ ਨਹੀਂ ਕਰਾਂਗੇ।”



