ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਚੰਡੀਗੜ੍ਹ ਹੁੰਦੇ ਸਨ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਖੜ੍ਹ ਕੇ ਆਪਣੇ ਮਨ ‘ਚ ਧਿਆਉਂਦੇ ਸਨ ਕਿ ਇੱਕ ਦਿਨ ਉਹ ਸੂਬੇ ਦੇ ਸਿਖਰਲੇ ਆਗੂ ਬਣਨਗੇ ਅਤੇ ਇਸ ਘਰ ਵਿੱਚ ਰਹਿਣਗੇ।
ਨੌਜਵਾਨਾਂ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਲਈ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ ਦਾ ਸੰਦੇਸ਼ ਦਿੰਦਿਆਂ ਮਾਨ ਨੇ ਕਿਹਾ ਕਿ ਉਹ ਕਦੇ ਦੁਪਹਿਰ ਵੇਲੇ ਅਤੇ ਕਦੇ ਦੇਰ ਰਾਤ ਬਾਹਰ ਖੜ੍ਹੇ ਹੋ ਕੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਨਾਲ ਗੱਲਾਂ ਕਰਦੇ ਸਨ। ਉਨ੍ਹਾ ਕਿਹਾ, ”ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਘਰ ਨੂੰ ਸਾਫ-ਸੁਥਰਾ ਰੱਖੋ… ਮੈਂ ਜਲਦੀ ਹੀ ਇਸ ਘਰ ਅਤੇ ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਆਵਾਂਗਾ। ਅਖੀਰ ਇਹ ਸੱਚ ਹੋ ਗਿਆ।”
ਮਾਨ ਨੇ ਦੱਸਿਆ ਕਿ ਇੱਕ ਵਿਦਿਆਰਥੀ ਦੇ ਤੌਰ ‘ਤੇ ਉਨ੍ਹਾ ਨੇ ਇੱਕ ਵਾਰ ਆਈ ਪੀ ਐੱਸ ਅਧਿਕਾਰੀ ਐੱਮ ਐੱਫ ਫਾਰੂਕੀ ਦਾ ਭਾਸ਼ਣ ਸੁਣਿਆ ਸੀ। ਉਨ੍ਹਾ ਕਿਹਾ, ”ਉਸ ਅਧਿਕਾਰੀ ਨੇ ਸਾਨੂੰ ਦੱਸਿਆ ਸੀ ਕਿ ਕਿਵੇਂ ਉਸ ਨੇ ਆਪਣੇ ਸਾਈਕਲ ਤੋਂ ਅਧਿਕਾਰੀ ਦੀ ਕਾਰ ਤੱਕ ਪਹੁੰਚਣ ਦਾ ਸੁਪਨਾ ਦੇਖਿਆ ਸੀ। ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚ ਵਸਾ ਲਿਆ ਸੀ।”
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹੀ ਗੱਲ 11ਵੀਂ-12ਵੀਂ ਦੇ ਵਿਦਿਆਰਥੀਆਂ ਅਤੇ ਕਾਲਜਾਂ, ਯੂਨੀਵਰਸਿਟੀਆਂ ਤੇ ਆਈ ਆਈ ਟੀ ਦੇ ਉਨ੍ਹਾਂ ਨੌਜਵਾਨਾਂ ਨੂੰ ਵੀ ਸਮਝਾਉਂਦੇ ਹਨ, ਜੋ ਸਰਕਾਰ ਦੇ ‘ਬਿਜ਼ਨਸ ਬਲਾਸਟਰ’ ਪ੍ਰੋਗਰਾਮ ਦਾ ਹਿੱਸਾ ਹਨ। ਉਨ੍ਹਾ ਦੱਸਿਆ ਕਿ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਬਣਾਉਣ ਅਤੇ ਡਿਜ਼ਾਈਨ ਕਰਨ ਲਈ 2000 ਰੁਪਏ ਦੀ ਮਦਦ (ਸੀਡ ਮਨੀ) ਦਿੱਤੀ ਜਾਂਦੀ ਹੈ, ਤਾਂ ਜੋ ਉਹ ਖੁਦ ਦਾ ਕਾਰੋਬਾਰ ਸ਼ੁਰੂ ਕਰਕੇ ਉੱਦਮੀ ਬਣ ਸਕਣ। ਉਨ੍ਹਾ ਇਹ ਵੀ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ।
ਮੁੱਖ ਮੰਤਰੀ ਦੇ ਨਾਲ ਹਾਜ਼ਰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਪ੍ਰੋਗਰਾਮ ਸਦਕਾ ਸੈਂਕੜੇ ਵਿਦਿਆਰਥੀਆਂ ਨੇ ਅਜਿਹੇ ਉਤਪਾਦਾਂ ਦੇ ਮਾਡਲ ਬਣਾਏ ਹਨ, ਜਿਨ੍ਹਾਂ ਦੀ ਹੁਣ ਉਦਯੋਗਪਤੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਬੈਂਸ ਨੇ ਕਿਹਾ, ”ਇਨ੍ਹਾਂ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਰਾਹੀਂ 70 ਕਰੋੜ ਰੁਪਏ ਕਮਾਏ ਹਨ। ਕੁਝ ਨੇ ਡਰੋਨ, ਐਂਟੀ-ਡਰੋਨ ਅਤੇ ਈ-ਬਾਈਕ ਦੇ ਨਮੂਨੇ ਤਿਆਰ ਕੀਤੇ ਹਨ ਅਤੇ ਮੋਗਾ ਦੀ ਇੱਕ ਕੁੜੀ ਨੇ ਤਾਂ ਪਰਾਲੀ ਪ੍ਰਬੰਧਨ ਪ੍ਰਣਾਲੀ ਦਾ ਨਮੂਨਾ ਵੀ ਤਿਆਰ ਕੀਤਾ ਹੈ।” ਉਨ੍ਹਾ ਕਿਹਾ ਕਿ 11ਵੀਂ ਜਮਾਤ ਅਤੇ ਉਸ ਤੋਂ ਉੱਪਰ ਦੇ ਸਾਰੇ ਵਿਦਿਆਰਥੀਆਂ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਅਤੇ ਉੱਦਮਤਾ ਦੀ ਸਿਖਲਾਈ ਲੈਣਾ ਲਾਜ਼ਮੀ ਹੈ ਤਾਂ ਜੋ ਉਹ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣ ਸਕਣ।





