ਪਟਿਆਲਾ (ਰਜਿੰਦਰ ਸਿੰਘ ਥਿੰਦ)-ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਭਰ ਵਿੱਚ ਮਜ਼ਦੂਰਾਂ, ਮੁਲਾਜ਼ਮਾਂ, ਸਕੀਮ ਵਰਕਰਾਂ, ਠੇਕਾ ਪ੍ਰਣਾਲੀ ਵਰਕਰਾਂ ਆਦਿ ਦੀਆਂ ਪ੍ਰਮੁੱਖ ਨੁਮਾਇੰਦਾ ਜਥੇਬੰਦੀਆਂ ਏਟਕ, ਇੰਟਕ, ਐੱਚ ਐੱਮ ਐੱਸ, ਸੀਟੂ, ਏਕਟੂ, ਫੈਡਰੇਸ਼ਨਾਂ ਅਤੇ ਅਜਾਦ ਜਥੇਬੰਦੀਆਂ ਵੱਲੋਂ ਪਹਿਲੀ ਅਪ੍ਰੈਲ ਨੂੰ ਜ਼ੋਰਦਾਰ ਤਰੀਕੇ ਨਾਲ ਕਾਲਾ ਦਿਵਸ ਜਲਸੇ, ਮੁਜ਼ਾਹਰੇ, ਰੋਸ ਰੈਲੀਆਂ ਆਦਿ ਕਰਕੇ ਮਨਾਇਆ ਜਾਵੇਗਾ, ਕਿਉਂਕਿ ਮੋਦੀ ਸਰਕਾਰ ਵੱਲੋਂ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਜੋ ਚਾਰ ਲੇਬਰ ਕੋਡਜ਼ ਬਣਾਏ ਗਏ ਹਨ, ਉਹਨਾਂ ਸੰਬੰਧੀ ਰੂਲ ਬਣਾ ਕੇ ਪਹਿਲੀ ਅਪ੍ਰੈਲ ਨੂੰ ਪੁਰਾਣੇ ਲੇਬਰ ਕਾਨੂੰਨਾਂ ਦੀ ਥਾਂ ਚਾਰ ਲੇਬਰ ਕੋਡਜ਼ ਲਾਗੂ ਕਰ ਦਿੱਤੇ ਜਾਣਗੇ। ਕਾਰਪੋਰੇਟਾਂ ਦੀ ਕੱਠਪੁਤਲੀ ਸਰਕਾਰ ਵੱਲੋਂ ਮਜ਼ਦੂਰ ਜਮਾਤ ਵਿਰੁੱਧ ਜੋ ਲਗਾਤਾਰ ਮਾੜੇ ਫੈਸਲੇ ਲਏ ਜਾ ਰਹੇ ਹਨ ਅਤੇ ਜ਼ੋਰ-ਜਬਰ ਦੇ ਤਰੀਕੇ ਨਾਲ ਲਾਗੂ ਕਰਕੇ ਮਜ਼ਦੂਰਾਂ ਦੇ ਅਧਿਕਾਰ ਖੋਹਣ ਦਾ ਅਤੇ ਸੀਮਤ ਕਰਨ ਦਾ ਜੋ ਅਮਲ ਤੇਜ਼ੀ ਨਾਲ ਚੱਲ ਰਿਹਾ ਹੈ, ਉਹ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਗੋਂ ਅਜਿਹੇ ਹਰ ਫੈਸਲੇ ਜਾਂ ਸੋਧਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਬਰਾੜ ਅਤੇ ਧਾਲੀਵਾਲ ਨੇ ਕਿਹਾ ਕਿ ਚਾਰੇ ਲੇਬਰ ਕੋਡਜ਼ ਲਾਗੂ ਕਰਨ ਨਾਲ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਕਾਰਪੋਰੇਟਾਂ ਨੂੰ ਮਜ਼ਦੂਰਾਂ ਦੇ ਹੱਕ ਵਿੱਚ ਬਣੇ ਲੇਬਰ ਕਾਨੂੰਨਾਂ ਤੋਂ ਮੁਕਤੀ ਦੇ ਦਿੱਤੀ ਗਈ ਹੈ। ਨਾਲ ਹੀ ਟਰੇਡ ਯੂਨੀਅਨਾਂ ਦੀਆਂ ਗਤੀਵਿਧੀਆਂ ਤੋਂ ਵੀ ਮੁਕਤੀ ਦੇਣ ਦਾ ਜਤਨ ਕੀਤਾ ਗਿਆ ਹੈ। ਨਵੇਂ ਲੇਬਰ ਕੋਡਜ਼ ਹੜਤਾਲ ਦੇ ਹੱਕ ‘ਤੇ ਪਾਬੰਦੀ ਲਾਉਂਦੇ ਹਨ, ਘੱਟੋ-ਘੱਟ ਉਜਰਤਾਂ ਦੀ ਬਜਾਏ ਘਾਟਵੰਦਾ ਫਾਰਮੂਲਾ ਨੈਸ਼ਨਲ ਫਲੋਰ ਵੇਜ ਤਹਿ ਕੀਤੀ ਜਾਵੇਗੀ, ਫਿਕਸ ਟਰਮ ਇੰਪਲਾਇਮੈਂਟ ਅਧੀਨ ਭਰਤੀ ਹੋਵੇਗੀ, 100 ਦੀ ਬਜਾਏ 300 ਵਰਕਰਾਂ ਦੀ ਨਫਰੀ ਵਾਲੇ ਕਾਰਖਾਨੇ ਨੂੰ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਮਾਲਕ ਖੁਦ ਬੰਦ ਕਰ ਸਕੇਗਾ, ਕੰਮ ਦੇ ਘੰਟੇ ਵਧਾਉਣਾ, ਔਰਤ ਵਰਕਰਾਂ ਤੋਂ ਰਾਤ ਦੀਆਂ ਸਿਫਟਾਂ ਵਿੱਚ ਬਿਨਾਂ ਕਿਸੇ ਸੁਰੱਖਿਆ ਤੋਂ ਕੰਮ ਕਰਾਉਣਾ ਆਦਿ ਅਨੇਕਾਂ ਮਜ਼ਦੂਰ ਵਿਰੋਧੀ ਮੱਦਾਂ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲ ਦੇਣਗੀਆਂ। ਇਸ ਦਾ ਜ਼ਬਰਦਸਤ ਵਿਰੋਧ ਕਰਨ ਲਈ ਏਟਕ ਦੀ ਹਰ ਇੱਕ ਜਥੇਬੰਦੀ ਵੱਲੋਂ ਪਹਿਲੀ ਅਪ੍ਰੈਲ ਨੂੰ ਹਰ ਕਸਬੇ, ਸ਼ਹਿਰਾਂ ਵਿੱਚ ਅਦਾਰਿਆਂ ਦੇ ਗੇਟਾਂ ਉਪਰ ਦੂਸਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਰੋਸ ਐਕਸ਼ਨ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇ।




