ਸੁੱਖੂ ਵੱਲੋਂ ਗੱਡੀਆਂ ‘ਤੇ ਐਂਟਰੀ ਟੈਕਸ ‘ਚ ਵਾਧਾ ਵਾਪਸ

0
18

ਸ਼ਿਮਲਾ : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਰਹੱਦੀ ਖੇਤਰਾਂ ਵਿੱਚ ਵਾਹਨਾਂ ਦੇ ਐਂਟਰੀ ਟੈਕਸ ਵਿੱਚ ਕੀਤੇ ਗਏ ਹਾਲੀਆ ਵਾਧੇ ਦੇ ਫੈਸਲੇ ਵਿੱਚ ਲੋਕਾਂ ਦੇ ਪ੍ਰੋਟੈੱਸਟ ਤੋਂ ਬਾਅਦ ਮੰਗਲਵਾਰ ਤਬਦੀਲੀ ਕੀਤੀ ਹੈ। ਹੁਣ ਪੰਜ ਸੀਟਾਂ ਵਾਲੇ ਵਾਹਨਾਂ ਨੂੰ 70 ਰੁਪਏ ਅਤੇ 6-12 ਸੀਟਾਂ ਵਾਲੇ ਵਾਹਨਾਂ ਨੂੰ ਪੁਰਾਣੇ ਰੇਟ ਮੁਤਾਬਕ 110 ਰੁਪਏ ਅਦਾ ਕਰਨੇ ਪੈਣਗੇ।
ਪਹਿਲਾਂ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਦੋਵਾਂ ਸ਼੍ਰੇਣੀਆਂ ਲਈ ਟੈਕਸ ਵਧਾ ਕੇ 130 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਜਾਣਬੁੱਝ ਕੇ ਭੰਬਲਭੂਸਾ ਫੈਲਾਇਆ ਜਾ ਰਿਹਾ ਸੀ, ਜਦੋਂ ਕਿ ਜ਼ਿਆਦਾਤਰ ਵਾਹਨ ਸ਼੍ਰੇਣੀਆਂ ਲਈ ਇਹ ਵਾਧਾ ਮਾਮੂਲੀ ਸੀ। ਉਨ੍ਹਾ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦਾ ਸਭ ਤੋਂ ਵੱਧ ਫਾਇਦਾ ਗੁਆਂਢੀ ਸੂਬਿਆਂ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਹਿਮਾਚਲ ਆਉਣ-ਜਾਣ ਵਾਲੇ ਰੋਜ਼ਾਨਾ ਦੇ ਯਾਤਰੀਆਂ ਅਤੇ ਸਥਾਨਕ ਵਪਾਰੀਆਂ ਨੂੰ ਹੋਵੇਗਾ। ਟੈਕਸ ਵਾਧੇ ਕਾਰਨ ਸਰਹੱਦੀ ਖੇਤਰਾਂ ਵਿੱਚ ਸੈਰ-ਸਪਾਟਾ ਅਤੇ ਮਾਲ ਦੀ ਢੋਆ-ਢੁਆਈ ਪ੍ਰਭਾਵਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ, ਜਿਸ ਕਾਰਨ ਟੈਕਸੀ ਯੂਨੀਅਨਾਂ ਅਤੇ ਸਥਾਨਕ ਕਾਰੋਬਾਰੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸਨ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੰਮ ਕਰ ਰਹੀ ਹੈ ਅਤੇ ਪੰਜ ਕਿੱਲੋਮੀਟਰ ਦੇ ਘੇਰੇ ਵਾਲੇ ਲੋਕਾਂ ਲਈ ਵਿਸ਼ੇਸ਼ ਪਾਸ ਜਾਰੀ ਕਰਨ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ, ਤਾਂ ਜੋ ਸਥਾਨਕ ਵਸਨੀਕਾਂ ‘ਤੇ ਕੋਈ ਵਾਧੂ ਵਿੱਤੀ ਬੋਝ ਨਾ ਪਵੇ।