ਭਾਜਪਾਈ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੀ ਸਭ ਤੋਂ ਪਾਪੂਲਰ ਹਸਤੀ ਬਣ ਚੁੱਕੇ ਹਨ। ਇਸ ਦਾਅਵੇ ਦੀ ਹਕੀਕਤ 28 ਮਾਰਚ ਨੂੰ ਯੂ ਪੀ ਦੇ ਜੇਵਰ ਵਿੱਚ ਕੌਮਾਂਤਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਉਨ੍ਹਾ ਵੱਲੋਂ ਕੀਤੇ ਗਏ ਉਦਘਾਟਨ ਵੇਲੇ ਦੇਖਣ ਨੂੰ ਮਿਲੀ। ਉੱਥੇ ਆਪਣੇ ਪਿਆਰੇ ਪ੍ਰਧਾਨ ਮੰਤਰੀ ਨੂੰ ਦੇਖਣ ਲਈ ਕਾਫੀ ਨੌਜਵਾਨ ਪੁੱਜੇ, ਪਰ ਕੀ ਉਹ ਆਪਮੁਹਾਰੇ ਆਏ ਸਨ ਜਾਂ ਲਿਆਂਦੇ ਗਏ ਸਨ? ਇੱਕ ਕਾਲਜ ਦੀ ਵਿਦਿਆਰਥਣ ਦੀ ਉਸ ਦਿਨ ਦੀ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਉਹ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਜੇ ਤੁਹਾਨੂੰ ਲਗਦਾ ਹੈ ਕਿ ਜੇਵਰ ਵਿਖੇ ਮੋਦੀ ਜੀ ਦੇ ਭਗਤ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹਨ ਤਾਂ ਤੁਸੀਂ ਬਿਲਕੁਲ ਗਲਤ ਹੋ। ਇਹ ਭੀੜ ਆਈ ਨਹੀਂ, ਬੁਲਾਈ ਗਈ ਹੈ। ਗ੍ਰੇਟਰ ਨੋਇਡਾ ਦੇ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਦੋ ਦਿਨ ਦੀ ਫਰੀ ਅਟੈਂਡੈਂਸ ਤੇ ਹੋਰ ਲਾਲਚ ਦੇ ਕੇ ਲਿਆਂਦਾ ਗਿਆ ਹੈ। 29 ਡਿਗਰੀ ਤਾਪਮਾਨ ਤੇ ਸੰਘਣੇ ਟਰੈਫਿਕ ਵਿਚਾਲੇ ਸਾਨੂੰ ਲਿਆਂਦਾ ਗਿਆ ਹੈ ਤੇ ਮੋਦੀ ਜੀ ਵੱਲੋਂ ਸਾਨੂੰ ਖਾਣ ਨੂੰ ਪਾਰਲੇ ਬਿਸਕੁਟ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਨੋਇਡਾ ਦੀ ਗਲਗੋਟੀਆ ਯੂਨੀਵਰਸਿਟੀ ਦੀ ਜਮਾਤ ਦੇ ਗਰੁੱਪ ਦੀ ਇੱਕ ਵ੍ਹਟਸਐਪ ਚੈਟ ਨੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰੀਆਂ, ਜਿਸ ਵਿੱਚ ਯੂਨੀਵਰਸਿਟੀ ਦੀ ਸੰਚਾਰ ਵਿਭਾਗ ਦੀ ਮੁਖੀ ਨੇਹਾ ਸਿੰਘ ਵਿਦਿਆਰਥੀਆਂ ਨੂੰ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਕਹਿ ਰਹੀ ਹੈ। ਨੇਹਾ ਸਿੰਘ ਉਹੀ ਹੈ, ਜਿਹੜੀ ਏ ਆਈ ਸਮਿਟ ਵਿੱਚ ਚੀਨੀ ਰੋਬੋਟ ਕੁੱਤੇ ਨੂੰ ਆਪਣੀ ਯੂਨੀਵਰਸਿਟੀ ਦਾ ਦੱਸ ਕੇ ਦੁਨੀਆ-ਭਰ ਵਿੱਚ ਚਰਚਿਤ ਹੋਈ ਸੀ। ਨੇਹਾ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਭਲਕੇ (28 ਮਾਰਚ) ਨੂੰ ਯੂਨੀਵਰਸਿਟੀ ਜ਼ਰੂਰ ਆਉਣ। ਏਅਰਪੋਰਟ ਦੇ ਉਦਘਾਟਨ ਸਮਾਰੋਹ ਤੱਕ ਲਿਜਾਣ ਲਈ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ। ਆਉਣ ‘ਤੇ ਦੋ ਦਿਨ ਦੀ ਅਟੈਂਡੈਂਸ ਦਿੱਤੀ ਜਾਵੇਗੀ। ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਯੂਨੀਵਰਸਿਟੀ ਤੋਂ 300 ਬੱਸਾਂ ਏਅਰਪੋਰਟ ਤੱਕ ਗਈਆਂ। ਹੋਰਨਾਂ ਕਾਲਜਾਂ ਤੋਂ ਵੀ ਵਿਦਿਆਰਥੀ ਪੁੱਜੇ। ਹਰ ਪਾਸੇ ਵਿਦਿਆਰਥੀ ਹੀ ਨਜ਼ਰ ਆ ਰਹੇ ਸਨ। ਸ਼ਾਰਦਾ ਯੂਨੀਵਰਸਿਟੀ ਦੇ ਲੱਗਭੱਗ 1200 ਵਿਦਿਆਰਥੀ ਜੇਵਰ ਪੁੱਜੇ। ਗੌਤਮ ਬੁੱਧ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਇੱਕ ਨੋਟਿਸ ਵਿੱਚ ਕਿਹਾ ਗਿਆ ਕਿ ਸਮਾਰੋਹ ਲਈ 600 ਵਾਲੰਟੀਅਰਾਂ ਦੀ ਲੋੜ ਹੈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਨੂੰ ਟੀ-ਸ਼ਰਟ, ਰਿਫਰੈਸ਼ਮੈਂਟ, ਸਰਟੀਫਿਕੇਟ ਮਿਲਣਗੇ ਤੇ ਕੌਮੀ ਪੱਧਰ ਦੇ ਈਵੈਂਟ ਤੋਂ ਸਿੱਖਣ ਦਾ ਮੌਕਾ ਮਿਲੇਗਾ।
ਇਸੇ ਤਰ੍ਹਾਂ ਦੀ ਚਰਚਾ ਪ੍ਰਧਾਨ ਮੰਤਰੀ ਦੇ 31 ਮਾਰਚ ਦੇ ਗੁਜਰਾਤ ਦੌਰੇ ਨੂੰ ਲੈ ਕੇ ਚੱਲੀ ਹੈ। ਤਕਨੀਕੀ ਸਿੱਖਿਆ ਕਮਿਸ਼ਨਰ ਵੱਲੋਂ ਜਾਰੀ ਸਰਕੂਲਰ ਵਿੱਚ ਸਰਕਾਰੀ ਪਾਲੀਟੈਕਨਿਕ ਤੇ ਇੰਜੀਨੀਅਰਿੰਗ ਕਾਲਜਾਂ ਦੇ ਟੀਚਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਹਰ ਅਦਾਰੇ ਤੋਂ 100 ਤੋਂ 250 ਵਿਦਿਆਰਥੀ ਲੈ ਕੇ ਪੁੱਜੋ।



