ਅੰਮ੍ਰਿਤਸਰ : ਪਿਛਲੇ ਮਹੀਨੇ ਖੁਦਕੁਸ਼ੀ ਕਰਨ ਵਾਲੇ ਪੰਜਾਬ ਰਾਜ ਗੋਦਾਮ ਨਿਗਮ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੇ ਘਰ ਦੀ ਬਿਜਲੀ ਕੱਟਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਗੁਰਬਖਸ਼ੀਸ਼ ਸਿੰਘ ਦੀ ਪੁਲਸ ਹਿਰਾਸਤ ਦੌਰਾਨ ਮੌਤ ਹੋ ਗਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਗੁਰਬਖਸ਼ੀਸ਼ ਸਿੰਘ ਪੰਜ ਦਿਨ ਦੇ ਪੁਲਸ ਰਿਮਾਂਡ ‘ਤੇ ਸੀ। ਪੁਲਸ ਸੂਤਰਾਂ ਮੁਤਾਬਕ ਗੁਰਬਖਸ਼ੀਸ਼ ਸਿੰਘ ਵਾਸੀ ਫੈਜ਼ਪੁਰਾ ਐੱਚ ਆਈ ਵੀ ਨਾਲ ਪੀੜਤ ਸੀ ਅਤੇ ਉਸ ਦੇ ਪਰਵਾਰ ਵੱਲੋਂ ਉਸ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਸੀ। ਹਿਰਾਸਤ ਦੌਰਾਨ ਉਸ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪਰਵਾਰ ਨੇ ਦੋਸ਼ ਲਗਾਇਆ ਹੈ ਕਿ ਗੁਰਬਖਸ਼ੀਸ਼ ਸਿੰਘ ਦੀ ਮੌਤ ਤਸ਼ੱਦਦ ਕਰਕੇ ਹੋਈ ਹੈ। ਫਿਲਹਾਲ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨ ਸਾਹਮਣੇ ਆਉਣਗੇ। ਰਣਜੀਤ ਐਵੇਨਿਊ ਪੁਲਸ ਥਾਣੇ ਦੇ ਇੰਚਾਰਜ ਰੋਬਿਨ ਹੰਸ ਨੇ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ।




