ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਉਹ ਈਰਾਨ ਖਿਲਾਫ ਚੱਲ ਰਹੀ ਜੰਗ ਦਾ ਹਿੱਸਾ ਨਹੀਂ ਬਣਨਗੇ। ਹਾਲਾਂਕਿ ਬੁੱਧਵਾਰ ਕੌਮ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਉਹ ਇਸ ਹਫਤੇ ਲਗਭਗ 35 ਦੇਸ਼ਾਂ ਦਾ ਕੌਮਾਂਤਰੀ ਸਿਖਰ ਸੰਮੇਲਨ ਕਰਨਗੇ, ਜਿਸ ਵਿੱਚ ਹਾਰਮੁਜ਼ ਜਲਡਮਰੂ ਨੂੰ ਖੁੱਲ੍ਹਵਾਉਣ ‘ਤੇ ਚਰਚਾ ਕੀਤੀ ਜਾਵੇਗੀ। ਸਟਾਰਮਰ ਨੇ ਕਿਹਾ, ‘ਚਾਹੇ ਮੇਰੇ ‘ਤੇ ਕਿੰਨਾ ਵੀ ਦਬਾਅ ਹੋਵੇ ਜਾਂ ਕਿੰਨੀਆਂ ਵੀ ਗੱਲਾਂ ਹੋਣ, ਮੈਂ ਹਰ ਫੈਸਲਾ ਬਰਤਾਨੀਆ ਦੇ ਕੌਮੀ ਹਿੱਤ ਵਿੱਚ ਹੀ ਲਵਾਂਗਾ। ਇਸ ਲਈ ਮੈਂ ਸਾਫ ਕਿਹਾ ਹੈ ਕਿ ਇਹ ਸਾਡੀ ਲੜਾਈ ਨਹੀਂ ਹੈ ਅਸੀਂ ਇਸ ਵਿੱਚ ਸ਼ਾਮਲ ਨਹੀਂ ਹੋਵਾਂਗੇ।’
ਉਨ੍ਹਾ ਖਬਰਦਾਰ ਕੀਤਾ ਕਿ ਜੰਗ ਦੂਜੇ ਮਹੀਨੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਇਸ ਦਾ ਬਰਤਾਨੀਆ ਦੀ ਅਰਥ ਵਿਵਸਥਾ ‘ਤੇ ਅਸਰ ਪਵੇਗਾ। ਉਨ੍ਹਾ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਬਰਤਾਨੀਆ ਇਸ ਸਥਿਤੀ ਨਾਲ ਨਿਬੜਨ ਲਈ ਤਿਆਰ ਹੈ ਤੇ ਸਰਕਾਰ ਜ਼ਰੂਰੀ ਕਦਮ ਚੁੱਕ ਰਹੀ ਹੈ। ਉਧਰ, ਟਰੰਪ ਨੇ ਕਿਹਾ ਹੈ ਕਿ ਉਹ ਨਾਟੋ ‘ਚੋਂ ਬਾਹਰ ਨਿਕਲਣ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਉਨ੍ਹਾ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਨਾਟੋ ਤੋਂ ਪਹਿਲਾਂ ਹੀ ਬਹੁਤੇ ਪ੍ਰਭਾਵਤ ਨਹੀਂ ਸਨ। ਉਨ੍ਹਾ ਨੂੰ ਲੱਗਦਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਹੀ ਕਹਿੰਦੇ ਹਨ ਕਿ ਨਾਟੋ ਵਾਲੇ ਕਾਗਜ਼ੀ ਸ਼ੇਰ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਸਾਥੀਆਂ ਨਾਲ ਖੜ੍ਹਿਆ, ਪਰ ਉਨ੍ਹਾ ਅਮਰੀਕਾ ਦਾ ਸਾਥ ਨਹੀਂ ਦਿੱਤਾ। ਟਰੰਪ ਨੇ ਨਾਟੋ ਭਾਈਵਾਲਾਂ ਨੂੰ ਈਰਾਨ ‘ਤੇ ਹਮਲਿਆਂ ਅਤੇ ਹਾਰਮੁਜ਼ ਜਲਡਮਰੂ ਖੁੱਲ੍ਹਵਾਉਣ ਲਈ ਜੰਗੀ ਜਹਾਜ਼ ਭੇਜਣ ਲਈ ਕਿਹਾ ਸੀ, ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਹ ਜੰਗ ਕੌਮਾਂਤਰੀ ਕਾਨੂੰਨਾਂ ਮੁਤਾਬਕ ਨਹੀਂ ਲੜੀ ਜਾ ਰਹੀ।



