ਚੰਡੀਗੜ੍ਹ : ਇੱਥੇ ਸੈਕਟਰ 37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਬੁੱਧਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਜ਼ੋਰਦਾਰ ਧਮਾਕਾ ਹੋਇਆ। ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸੂਤਰਾਂ ਮੁਤਾਬਕ ਧਮਾਕਾ ਰੇਤ ਦੇ ਢੇਰ ‘ਚ ਹੋਇਆ। ਭਾਜਪਾ ਦਫਤਰ ਦੇ ਨਾਲ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦਾ ਦਫਤਰ, ਪੈਟਰੋਲ ਪੰਪ ਅਤੇ ਹੋਰ ਕਈ ਵੱਡੇ ਦਫਤਰ ਸਥਿਤ ਹਨ।
ਸੂਬਾ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਘਟਨਾ ਸਮੇਂ ਕਈ ਪੰਜਾਬ ਭਾਜਪਾ ਆਗੂ ਦਫਤਰ ਦੇ ਅੰਦਰ ਮੌਜੂਦ ਸਨ। ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਆਗੂਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਦਫਤਰ ਦੇ ਸੀਨੀਅਰ ਸਟਾਫਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਹਰ ਖੜ੍ਹੇ ਸਕੂਟਰ ਨੂੰ ਅੱਗ ਲੱਗ ਗਈ ਅਤੇ ਕੁਝ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਸ਼ੁਰੂ ਵਿੱਚ ਲੱਗਿਆ ਕਿ ਸਕੂਟਰ ਦੀ ਬੈਟਰੀ ਫਟੀ ਪਰ ਸਕੂਟਰ ਪੈਟਰੋਲ ਵਾਲਾ ਸੀ। ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਨਿਸ਼ਾਨਾ ਪੰਜਾਬ ਭਾਜਪਾ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਸਨ। ਉਹ ਦੋ ਦਿਨ ਦਫਤਰ ਵਿੱਚ ਰਹੇ ਤੇ ਸਵੇਰੇ ਹੀ ਦਿੱਲੀ ਪੁੱਜੇ ਸਨ। ਦੋ ਹਫਤੇ ਪਹਿਲਾਂ ਪਠਾਨਕੋਟ ਦੇ ਐੱਸ ਐੱਸ ਪੀ ਨੇ ਸ਼ਰਮਾ ਨੂੰ ਸਵੇਰ ਦੀ ਸੈਰ ਬੰਦ ਕਰਨ ਲਈ ਕਿਹਾ ਸੀ। ਆਰ ਪੀ ਸਿੰਘ ਨੇ ਕਿਹਾ ਹੈ ਕਿ ਇਹ ਘਟਨਾ ਸੁਰੱਖਿਆ, ਇੰਟੈਲੀਜੈਂਸ ਤਾਲਮੇਲ ਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।





