ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਮੁੱਖ ਮੱਤਰੀ ਭੁਪਿੰਦਰ ਪਟੇਲ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾ ਕਿਹਾ ਕਿ ਗੁਜਰਾਤ ਵਿੱਚ ਪੰਚਾਇਤ ਅਤੇ ਨਗਰ ਪਾਲਿਕਾ ਚੋਣਾਂ ਤੋਂ ਪਹਿਲਾਂ ਸਾਡੇ ਵਰਕਰਾਂ ਨੂੰ ਬਹੁਤ ਵੱਡੇ ਪੱਧਰ ‘ਤੇ ਨਾਜਾਇਜ਼ ਤੌਰ ‘ਤੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। 160 ਤੋਂ ਵੱਧ ਵਰਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਗੁਜਰਾਤ ਸਰਕਾਰ ਦੀ ਯੋਜਨਾ ਅਜੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ‘ਆਪ’” ਦੀ ਵਧਦੀ ਲੋਕਪ੍ਰਿਯਤਾ ਕਾਰਨ ਭਾਜਪਾ ਬੁਰੀ ਤਰ੍ਹਾਂ ਬੁਖਲਾ ਗਈ ਹੈ, ਪਰ ਗੁਜਰਾਤ ਦੇ ਲੋਕ ਅਜਿਹੀਆਂ ਗ੍ਰਿਫ਼ਤਾਰੀਆਂ ਅਤੇ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ। ਲੋਕ ਇਸ ਦਾ ਜਵਾਬ ਜ਼ਰੂਰ ਦੇਣਗੇ।ਉਨ੍ਹਾ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ ਗੁਜਰਾਤ ਪੁਲਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗ੍ਰਿਫ਼ਤਾਰੀ ਦੇ ਪਿੱਛੇ ਇੱਕ ਖਾਸ ਪੈਟਰਨ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ਤਹਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੜਕ ‘ਤੇ ਸਕੂਟਰ ਜਾਂ ਮੋਟਰਸਾਈਕਲ ‘ਤੇ ਪਿੱਛੇ ਤੋਂ ਆਏ ਕੁਝ ਗੁੰਡੇ ਰੋਕਦੇ ਹਨ, ਉਨ੍ਹਾਂ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕਰਦੇ ਹਨ। ਉਹ ਗੁੰਡੇ ਕ੍ਰਾਈਮ ਬ੍ਰਾਂਚ ਨੂੰ ਫੋਨ ਕਰਦੇ ਹਨ, ਕ੍ਰਾਈਮ ਬ੍ਰਾਂਚ ਵਾਲੇ ਦੋ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਜਾਂਦੇ ਹਨ ਅਤੇ ਸਾਡੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲੈਂਦੇ ਹਨ। ਇੰਝ ਲੱਗਦਾ ਹੈ ਜਿਵੇਂ ਕ੍ਰਾਈਮ ਬ੍ਰਾਂਚ ਵਾਲੇ ਆਸ-ਪਾਸ ਉਨ੍ਹਾਂ ਗੁੰਡਿਆਂ ਦੇ ਫੋਨ ਦੀ ਹੀ ਉਡੀਕ ਕਰ ਰਹੇ ਹੋਣ। ਕ੍ਰਾਈਮ ਬ੍ਰਾਂਚ ਵਾਲੇ ਬਿਨਾਂ ਕਿਸੇ ਪੁੱਛਗਿੱਛ ਦੇ ਇੱਕਤਰਫਾ ਕਾਰਵਾਈ ਕਰਦੇ ਹੋਏ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਛੱਡ ਦਿੰਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁਜਰਾਤ ਪੁਲਸ ਦੇ ਹਵਾਲੇ ਕਰ ਦਿੰਦੇ ਹਨ, ਜੋ ਫਿਰ ਧਾਰਾ 307 (ਕਤਲ ਦੀ ਕੋਸ਼ਿਸ਼) ਲਗਾ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੰਦੀ ਹੈ। ਪਿਛਲੇ 48 ਘੰਟਿਆਂ ਵਿੱਚ ਵਾਪਰੇ ਅਜਿਹੇ ਤਿੰਨ ਮਾਮਲਿਆਂ ਤੋਂ ਸਾਫ਼ ਜਾਪਦਾ ਹੈ ਕਿ ਇਹ ਸਭ ਕੁਝ ਇੱਕ ਮਿਥੀ ਹੋਈ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਕੂਟਰ ਸਵਾਰ ਅਖੀਰ ਕੌਣ ਹਨ? ਇਨ੍ਹਾਂ ਨੂੰ ਹਰ ਜਗ੍ਹਾ ‘ਆਪ’ ਵਰਕਰਾਂ ਨਾਲ ਟੱਕਰ ਮਾਰਨ ਲਈ ਕੌਣ ਭੇਜ ਰਿਹਾ ਹੈ? ਅਤੇ ਹਰ ਜਗ੍ਹਾ ਅਜਿਹਾ ਲੱਗਦਾ ਹੈ ਕਿ ਪੁਲਸ ਉਨ੍ਹਾਂ ਦੀ ਸ਼ਿਕਾਇਤ ‘ਤੇ ਇਕੋ ਜਿਹੀ ਐੱਫ ਆਈ ਆਰ ਦਰਜ ਕਰਨ ਲਈ ਤਿਆਰ ਬੈਠੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਸਭ ਕੁਝ ਇੱਕ ਯੋਜਨਾਬੱਧ ਸਾਜ਼ਿਸ਼ ਤਹਿਤ ਹੋ ਰਿਹਾ ਹੈ।
ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਦੀ ਇਹ ਸਾਜ਼ਿਸ਼ ਉੱਚ ਪੱਧਰ ‘ਤੇ ਰਚੀ ਗਈ ਹੈ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਦਸ ਹਜ਼ਾਰ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਹੈ, ਤਾਂ ਜੋ ਆਮ ਆਦਮੀ ਪਾਰਟੀ ਸਥਾਨਕ ਨਿਗਮ ਚੋਣਾਂ ਵਿੱਚ ਉਮੀਦਵਾਰ ਹੀ ਨਾ ਉਤਾਰ ਸਕੇ ਅਤੇ ਭਾਜਪਾ ਇੱਕਤਰਫਾ ਚੋਣਾਂ ਜਿੱਤ ਜਾਵੇ। ਕੀ ਭਾਜਪਾ ਗੁਜਰਾਤ ਵਿੱਚ ਇਸ ਤਰ੍ਹਾਂ ਚੋਣਾਂ ਜਿੱਤਣਾ ਚਾਹੁੰਦੀ ਹੈ? ਇਹ ਲੋਕਤੰਤਰ ਦਾ ਮਜ਼ਾਕ ਹੈ। ਜੇਕਰ ਵਿਰੋਧੀ ਧਿਰ ਦੇ ਆਗੂਆਂ ਅਤੇ ਵਰਕਰਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਹੀ ਚੋਣਾਂ ਜਿੱਤਣੀਆਂ ਹਨ ਤਾਂ ਚੋਣਾਂ ਕਰਵਾਉਣ ਦੀ ਲੋੜ ਹੀ ਕੀ ਹੈ?
ਉਹਨਾ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਅਸੀਂ ਚਾਹੀਏ ਤਾਂ ਅਸੀਂ ਵੀ ਪੰਜਾਬ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਇਸੇ ਤਰ੍ਹਾਂ ਦੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਸਕਦੇ ਹਾਂ, ਪਰ ਅਸੀਂ ਅਜਿਹਾ ਨਹੀਂ ਕਰਾਂਗੇ, ਕਿਉਂਕਿ ਅਸੀਂ ਚੰਗੇ ਅਤੇ ਸ਼ਰੀਫ ਲੋਕ ਹਾਂ। ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਗੁੰਡਾਗਰਦੀ ਨਹੀਂ ਕਰਦੇ ਅਤੇ ਫਿਰ ਸਾਨੂੰ ਅਜਿਹਾ ਕਰਨ ਦੀ ਲੋੜ ਵੀ ਨਹੀਂ, ਕਿਉਂਕਿ ਅਸੀਂ ਪੰਜਾਬ ਵਿੱਚ ਬਹੁਤ ਚੰਗੇ ਕੰਮ ਕੀਤੇ ਹਨ। ਆਪਣੇ ਕੰਮਾਂ ਰਾਹੀਂ ਅਸੀਂ ਲੋਕਾਂ ਦੇ ਦਿਲ ਜਿੱਤੇ ਹਨ। ਅਸੀਂ ਆਪਣੇ ਕੰਮ ਦੇ ਦਮ ‘ਤੇ ਚੋਣਾਂ ਲੜਦੇ ਹਾਂ। ਅਸੀਂ ਆਪਣੇ ਚੰਗੇ ਕੰਮਾਂ ਦੇ ਨਾਂਅ ‘ਤੇ ਵੋਟਾਂ ਮੰਗਾਂਗੇ। ਤੁਹਾਨੂੰ ਗੁਜਰਾਤ ਵਿੱਚ ਇਹ ਦਮਨ ਇਸ ਲਈ ਕਰਨਾ ਪੈ ਰਿਹਾ ਹੈ, ਕਿਉਂਕਿ ਤੁਸੀਂ ਸਾਰੇ ਗਲਤ ਕੰਮ ਕੀਤੇ ਹਨ, ਗੁੰਡਾਗਰਦੀ ਕੀਤੀ ਹੈ, ਚੋਰੀ ਕੀਤੀ ਹੈ, ਅੱਤਿਆਚਾਰ ਅਤੇ ਦਮਨ ਕੀਤਾ ਹੈ। ਤੁਸੀਂ ਕੋਈ ਚੰਗਾ ਕੰਮ ਨਹੀਂ ਕੀਤਾ। ਗੁਜਰਾਤ ਦੀ ਜਨਤਾ ਨੂੰ ਦਿਖਾਉਣ ਲਈ ਤੁਹਾਡੇ ਕੋਲ ਕੋਈ ਚੰਗਾ ਕੰਮ ਨਹੀਂ। ਇਸ ਲਈ ਚੋਣਾਂ ਜਿੱਤਣ ਲਈ ਤੁਹਾਨੂੰ ਇਹ ਦਮਨ ਅਤੇ ਅੱਤਿਆਚਾਰ ਕਰਨਾ ਪੈ ਰਿਹਾ ਹੈ।
ਪੱਤਰ ਦੇ ਅੰਤ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਸਭ ਕੁਝ ਦੇਖ ਰਹੀ ਹੈ, ਉਹ ਭਾਜਪਾ ਦੀ ਤਾਨਾਸ਼ਾਹੀ ਤੋਂ ਨਾ ਤਾਂ ਡਰੇਗੀ ਅਤੇ ਨਾ ਹੀ ਦਬੇਗੀ। ਤੁਸੀਂ ਕਿੰਨੇ ਲੋਕਾਂ ਨੂੰ ਜੇਲ੍ਹ ਵਿੱਚ ਸੁੱਟੋਗੇ? ਕੀ ਤੁਸੀਂ ਗੁਜਰਾਤ ਦੀ ਪੂਰੀ 6 ਕਰੋੜ ਜਨਤਾ ਨੂੰ ਜੇਲ੍ਹ ਵਿੱਚ ਪਾ ਸਕਦੇ ਹੋ? ਅੱਜ ਆਮ ਆਦਮੀ ਪਾਰਟੀ ਦੀ ਸੋਚ ਗੁਜਰਾਤ ਦੇ ਹਰ ਘਰ ਤੱਕ ਪਹੁੰਚ ਚੁੱਕੀ ਹੈ। ਭਾਜਪਾ ਇਸ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੇਗੀ, “’ਆਪ’ ਦੀ ਸੋਚ ਓਨੀ ਹੀ ਫੈਲੇਗੀ। ਮੈਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਗੁਜਰਾਤ ਦੇ ਆਗੂਆਂ ਨਾਲ ਮਿਲ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਮੀਦ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਮਿਲਣ ਦਾ ਸਮਾਂ ਦਿਓਗੇ।


