ਸ੍ਰੀਨਗਰ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਗਾਂਦਰਬਲ ਮੁਕਾਬਲੇ ਦੀ ਪਾਰਦਰਸ਼ੀ ਅਤੇ ਸਮੇਂ ਸਿਰ ਜਾਂਚ ਦੀ ਲੋੜ ਹੈ ਅਤੇ ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ।”ਉਮਰ ਦਾ ਇਹ ਬਿਆਨ ਘਾਟੀ ਦੇ ਇੱਕ ਪਰਵਾਰ ਵੱਲੋਂ ਕੀਤੇ ਗਏ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾ ਕਿਹਾ ਕਿ ਗਾਂਦਰਬਲ ਮੁਕਾਬਲੇ ਵਿੱਚ ਮਾਰਿਆ ਗਿਆ ਵਿਅਕਤੀ ਉਨ੍ਹਾਂ ਦਾ ਰਿਸ਼ਤੇਦਾਰ ਸੀ ਅਤੇ ਉਸ ਦਾ ਅੱਤਵਾਦ ਨਾਲ ਕੋਈ ਸੰਬੰਧ ਨਹੀਂ ਸੀ।”
ਇਸ ਤੋਂ ਪਹਿਲਾਂ ਫੌਜ ਨੇ ਕਿਹਾ ਸੀ ਕਿ ਮੱਧ ਕਸ਼ਮੀਰ ਦੇ ਗਾਂਦਰਬਲ ਵਿੱਚ ਇੱਕ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾ ਦਾ ਮੰਨਣਾ ਹੈ ਕਿ ਪਰਵਾਰ ਦੇ ਦਾਅਵੇ ਨੂੰ ਬਿਨਾਂ ਜਾਂਚ ਕੀਤੇ ਖਾਰਜ ਨਹੀਂ ਕੀਤਾ ਜਾਣਾ ਚਾਹੀਦਾ। ਘੱਟੋ-ਘੱਟ ਇਸ ਮੁਕਾਬਲੇ ਦੀ ਪਾਰਦਰਸ਼ੀ ਅਤੇ ਸਮੇਂ ਸਿਰ ਜਾਂਚ ਦੀ ਲੋੜ ਹੈ ਅਤੇ ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ। ਜਾਂਚ ਦੇ ਐਲਾਨ ਵਿੱਚ ਦੇਰੀ ਜਾਂ ਇਸ ਨੂੰ ਉਲਝਾਉਣ ਦੀ ਕੋਈ ਵੀ ਕੋਸ਼ਿਸ਼ ਸਿਰਫ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਏਗੀ ਅਤੇ ਇਹ ਕਿਸੇ ਦੇ ਹਿੱਤ ਵਿੱਚ ਨਹੀਂ ਹੈ।” ਗਾਂਦਰਬਲ ਦੇ ਚੌਂਤਵਾਲੀਵਾਰ ਇਲਾਕੇ ਦੇ ਰਹਿਣ ਵਾਲੇ ਰਸ਼ੀਦ ਅਹਿਮਦ ਮੁਗਲ ਦੇ ਭਰਾ ਐਜਾਜ਼ ਅਹਿਮਦ ਨੇ ਦੱਸਿਆ ਕਿ ਉਸ ਦਾ ਭਰਾ ਮੰਗਲਵਾਰ ਸਵੇਰੇ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਆਇਆ। ਐਜਾਜ਼ ਨੇ ਕਿਹਾ ਕਿ ਉਸ ਦੇ ਭਰਾ ਦਾ ਅੱਤਵਾਦ ਨਾਲ ਕੋਈ ਸੰਬੰਧ ਨਹੀਂ ਸੀ। ਉਸ ਨੇ ਕਿਹਾ, ‘ਅਸੀਂ ਇਹ ਸੁਣ ਕੇ ਹੈਰਾਨ ਹਾਂ। ਉਹ ਪੂਰੀ ਤਰ੍ਹਾਂ ਬੇਕਸੂਰ ਸੀ ਅਤੇ ਉਸ ਨੂੰ ਮਾਰ ਦਿੱਤਾ ਗਿਆ ਹੈ।’ ਉਸ ਨੇ ਇਹ ਵੀ ਜੋੜਿਆ ਕਿ ਜਿਹੜੇ ਕੱਪੜੇ ਉਸ ਦਾ ਭਰਾ ਘਰੋਂ ਨਿਕਲਣ ਵੇਲੇ ਪਾ ਕੇ ਗਿਆ ਸੀ, ਉਹ ਉਹ ਨਹੀਂ ਸਨ ਜੋ ਉਸ ਨੇ ਬੁੱਧਵਾਰ ਨੂੰ ਦੇਖੇ ਸਨ।


